ਅੰਮ੍ਰਿਤਸਰ: ਪੰਥ ਪ੍ਰਸਿੱਧ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਦਾ ਵਿਰੋਧ ਕਰਨ ਕਰਕੇ ਪਿੰਡ ਵੇਰਕਾ ਦਾ ਬੇਹੱਦ ਅਲੋਚਨਾ ਹੋ ਰਹੀ ਹੈ। ਸ਼੍ਰੋਮਣੀ ਰਾਗੀ ਸਭਾ ਨੇ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਅੱਗੇ ਤੋਂ ਵੇਰਕਾ ਨਗਰ ਵਿੱਚ ਸ਼ਬਦ ਕੀਰਤਨ ਨਹੀਂ ਕਰਨਗੇ। ਇਹ ਐਲਾਨ ਭਾਈ ਉਂਕਾਰ ਸਿੰਘ ਨੇ ਏਬੀਪੀ ਸਾਂਝਾ 'ਤੇ ਕੀਤਾ ਹੈ।


ਇਸ ਦੇ ਨਾਲ ਹੀ ਸ਼੍ਰੋਮਣੀ ਰਾਗੀ ਸਭਾ ਵੱਲੋਂ ਹਜ਼ੂਰੀ ਰਾਗੀ ਭਾਈ ਕੁਲਦੀਪ ਨੇ ਸਿੰਘ ਨੇ ਕਿਹਾ ਕਿ ਮਹੌਲ ਠੀਕ ਹੋਣ ਮਗਰੋਂ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਸ੍ਰੋਮਣੀ ਰਾਗੀ ਸਭਾ ਵੱਲੋਂ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾਏਗਾ। ਇਸ ਵਿੱਚ ਪੰਥ ਦੀਆਂ ਮਹਾਨ ਸਖਸ਼ੀਅਤਾਂ ਤੇ ਨੁਮਾਇਦਾ ਜਥੇਬੰਦੀਆਂ ਸ਼ਰਧਾ ਦੇ ਫੁੱਲ ਅਰਪਣ ਕਰਨਗੀਆਂ।

ਦੂਜੇ ਪਾਸੇ ਚੁਫੇਰਿਓਂ ਅਲੋਚਨਾ ਨੂੰ ਵੇਖਦਿਆਂ ਵੇਰਕਾ ਵਾਸੀਆਂ ਨੇ ਅੱਜ ਦੋ ਕਰੋੜ ਦੀ ਪੰਚਾਇਤੀ ਜ਼ਮੀਨ ਰਾਗੀ ਨਿਰਮਲ ਸਿੰਘ ਖਾਲਸਾ ਦੇ ਨਾਂ ਕਰ ਦਿੱਤੀ ਹੈ। ਸਸਕਾਰ ਦੇ ਵਿਰੋਧ ਕਰਨ ਵਾਲੇ ਹਰਪਾਲ ਸਿੰਘ ਵੇਰਕਾ ਤੇ ਉਸ ਦੇ ਸਾਥੀਆਂ ਨੇ ਨੇ ਪ੍ਰੈੱਸ ਕਾਨਫਰੰਸ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਥਾਂ 'ਤੇ ਭਾਵੇਂ ਸੰਗੀਤ ਅਕੈਡਮੀ ਜਾਂ ਮਿਊਜੀਅਮ ਬਣਾ ਲਈ ਜਾਵੇ।


ਦੱਸ ਦਈਏ ਕਿ ਵੇਰਕਾ ਨਿਵਾਸੀਆਂ ਨੇ ਕੋਰਨਾ ਵਾਇਰਸ ਦੀ ਦਹਿਸ਼ਤ ਕਰਕੇ ਭਾਈ ਨਿਰਮਲ ਸਿੰਘ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਨੂੰ ਜਿੰਦਰੇ ਮਾਰ ਦਿੱਤੇ ਸੀ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੇਰਕਾ ਦੇ ਸ਼ਮਸ਼ਾਨ ਘਾਟ ਨੂੰ ਅੰਤਿਮ ਸਸਕਾਰ ਲਈ ਚੁਣਿਆ ਗਿਆ ਸੀ। ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਨੇ ਵਾਇਰਸ ਫੈਲਣ ਦਾ ਖਤਸ਼ਾ ਜਤਾਇਆ ਸੀ। ਇਸ ਮਗਰੋਂ ਭਾਈ ਨਿਰਮਲ ਸਿੰਘ ਦਾ ਸਸਕਾਰ ਵੇਰਕਾ ਦੀ ਸ਼ਾਮਲਾਟ ਜ਼ਮੀਨ ਵਿੱਚ ਕੀਤਾ ਗਿਆ ਸੀ ਜੋ ਜੀਟੀ ਰੋਡ ਦੇ ਨੇੜੇ ਪੈਂਦੀ ਹੈ।