ਲੁਧਿਆਣਾ: ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅੱਜ ਬੇਅਦਬੀ ਮਾਮਲੇ ਦੀ ਜਾਂਚ ਕਰ ਲਈ ਵਿਸ਼ੇਸ਼ ਜਾਂਚ ਟੀਮ 'ਸਿੱਟ' ਸਾਹਮਣੇ ਨਹੀਂ ਪੇਸ਼ ਨਹੀਂ ਹੋਈ। ਐਸਆਈਟੀ ਦੇ ਮੁਖੀ ਐਸਪੀਐਸ ਪਰਮਾਰ ਨੇ ਕਿਹਾ ਕਿ ਵਿਪਾਸਨਾ ਇੰਸਾ ਤੇ ਪ੍ਰਬੰਧਕ ਪੀਆਰ ਨੈਨ ਨੂੰ ਤੀਸਰਾ ਤੇ ਆਖ਼ਰੀ ਸੰਮਨ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਾਂਚ ਪੂਰੀ ਕਰਨ ਦੀ ਕੋਸ਼ਿਸ਼ ਹੈ।

ਦੱਸ ਦਈਏ ਕਿ 2015 ਵਿੱਚ ਫ਼ਰੀਦਕੋਟ ਨਾਲ ਲੱਗਦੇ ਪਿੰਡ  ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਪਾਵਨ ਸਰੂਪ ਦੇ ਮਾਮਲੇ ਵਿੱਚ ਅੱਜ ਐਸਆਈਟੀ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੇ ਸੀਨੀਅਰ ਵਾਈਸ ਚੇਅਰਪਰਸਨ ਪੀਆਰ ਨੈਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਸਿੱਟ ਅੱਗੇ ਪੇਸ਼ ਨਹੀਂ ਹੋਇਆ। ਇਸ ਸਬੰਧੀ ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਹੁਣ ਅਗਲੇ ਸ਼ੁੱਕਰਵਾਰ ਪੇਸ਼ ਹੋਣ ਲਈ ਇਨ੍ਹਾਂ ਨੂੰ ਤੀਸਰਾ ਤੇ ਆਖਰੀ ਸੰਮਨ ਭੇਜਿਆ ਜਾਵੇਗਾ।

ਐਸਆਈਟੀ ਦੇ ਮੁਖੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਦਾ ਹੈ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ 9 ਨਵੰਬਰ ਨੂੰ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਸੀ। ਉਦੋਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਸਿਰਫ ਸਤਿਸੰਗ ਵਿੱਚ ਹੀ ਹਿੱਸਾ ਲੈਂਦੇ ਸਨ ਤੇ ਬਾਕੀ ਡੇਰੇ ਦੇ ਫੈਸਲੇ ਪ੍ਰਬੰਧਕਾਂ ਵੱਲੋਂ ਹੀ ਤੈਅ ਕੀਤੇ ਜਾਂਦੇ ਰਹੇ ਹਨ। ਇਸ ਕਰਕੇ ਹੁਣ ਐਸਆਈਟੀ ਵੱਲੋਂ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।

 ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਪੀਆਰ ਨੈਨ ਨੇ ਤਾਂ ਮੈਡੀਕਲ ਭੇਜ ਕੇ ਆਪਣੇ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਹੈ ਜਦੋਂਕਿ ਵਿਪਾਸਨਾ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜਾਂਚ ਕਦੋਂ ਤੱਕ ਪੂਰੀ ਹੋ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਾਂਚ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਜਦੋਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਜਾਂਚ ਕੱਲ੍ਹ ਹੀ ਪੂਰੀ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂਚ ਜਲਦ ਕਰਨ ਲਈ ਨਹੀਂ ਪਾ ਸਕਦੀ।