ਸਿਰਸਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ SIT ਨੇ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਵਿੱਚ ਇੱਕ ਵਾਰ ਫਿਰ ਅਚਨਚੇਤ ਛਾਪਾ ਮਾਰਿਆ। ਐਸਆਈਟੀ ਇੰਚਾਰਜ ਆਈਜੀ ਐਸਪੀਐਸ ਪਰਮਾਰ ਸਿਰਸਾ ਦੇ ਐਸਪੀ ਨਾਲ ਡੇਰੇ ਪੁੱਜੇ। ਇਸ ਦੌਰਾਨ ਸਥਾਨਕ ਪੁਲਿਸ ਵੀ ਮੌਜੂਦ ਸੀ। ਫਿਲਹਾਲ ਡੇਰੇ ਦੀ ਜਾਂਚ ਚੱਲ ਰਹੀ ਹੈ ਤੇ ਟੀਮ ਉਸ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।



ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੇ ਵਾਈਸ ਚੇਅਰਮੈਨ ਡਾਕਟਰ ਪੀਆਰ ਨੈਨ ਐਸਆਈਟੀ ਦੇ ਵਾਰ-ਵਾਰ ਬੁਲਾਉਣ ਦੇ ਬਾਵਜੂਦ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਹੇ। ਅਜਿਹੇ 'ਚ SIT ਨੇ 6 ਦਸੰਬਰ ਨੂੰ ਸਿਰਸਾ ਪਹੁੰਚ ਕੇ ਡੇਰੇ 'ਤੇ ਛਾਪਾ ਮਾਰਿਆ ਸੀ ਪਰ ਇੱਥੇ ਨਾ ਤਾਂ ਚੇਅਰਪਰਸਨ ਤੇ ਨਾ ਹੀ ਉਪ ਚੇਅਰਮੈਨ ਮਿਲਿਆ।

ਇਸ ਦੇ ਨਾਲ ਹੀ ਡੇਰਾ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਇੱਕ ਹਫ਼ਤੇ ਵਿੱਚ ਜਾਂਚ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਹਾਈ ਕੋਰਟ ਗਏ। ਇੱਕ ਦਿਨ ਪਹਿਲਾਂ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ। ਇਸ ਦੌਰਾਨ ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਤੇ ਐਸਆਈਟੀ ਨੂੰ ਡੇਰੇ ਵਿੱਚ ਹੀ ਡਾਕਟਰ ਨੈਨ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਅਚਾਨਕ ਐਸਆਈਟੀ ਸਿਰਸਾ ਆਈ।

ਕੀ ਹੈ ਪੂਰਾ ਮਾਮਲਾ?
ਪੰਜਾਬ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਮਾਮਲਾ 1 ਜੁਲਾਈ 2015 ਨੂੰ ਸਾਹਮਣੇ ਆਇਆ ਸੀ। ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ।

ਇਸ ਤੋਂ ਬਾਅਦ 24 ਨਵੰਬਰ 2015 ਨੂੰ ਬਰਗਾੜੀ ਦੇ ਗੁਰਦੁਆਰੇ ਨੇੜੇ ਦੋ ਹੱਥ ਲਿਖਤ ਪੋਸਟਰ ਮਿਲੇ ਸਨ। ਦੋਸ਼ ਲਾਇਆ ਗਿਆ ਸੀ ਕਿ ਇਸ ਵਿੱਚ ਅਪਸ਼ਬਦ ਦੀ ਵਰਤੋਂ ਕੀਤੀ ਗਈ ਸੀ ਤੇ ਡੇਰਾ ਸਿਰਸਾ ਇਸ ਘਟਨਾ ਵਿੱਚ ਸ਼ਾਮਲ ਸੀ।

12 ਅਕਤੂਬਰ 2015 ਨੂੰ ਪਵਿੱਤਰ ਸਰੂਪ ਦੇ ਕੁਝ ਅੰਗ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਬਾਅਦ ਗੋਲੀਬਾਰੀ ਹੋਈ ਤੇ 14 ਅਕਤੂਬਰ ਦੀ ਘਟਨਾ ਵਾਲੇ ਦਿਨ ਵੀ ਦੋ ਲੋਕਾਂ ਦੀ ਮੌਤ ਹੋ ਗਈ ਸੀ। ਪਹਿਲਾਂ ਸੀਬੀਆਈ ਵੀ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਹੁਣ ਐਸਆਈਟੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਟੈਸਟ ਕ੍ਰਿਕਟ 'ਚ ਰਚਿਆ ਇਤਿਹਾਸ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904