Punjab News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਜਦੋਂ ਤੱਕ ਉਹਨਾਂ ਨੂੰ ਹਾਲ ਹੀ ਵਿਚ ਆਏ ਤਬਾਹੀ ਵਾਲੇ ਹੜ੍ਹਾਂ ਵਿਚ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੂੰ ਪਿੰਡਾਂ ’ਚ ਨਾ ਵੜਨ ਦੇਣ। ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਆਯੋਜਿਤ ਵਿਸ਼ਾਲ ਧਰਨੇ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਨਿਕੰਮੀ ਸਰਕਾਰ ਤੋਂ ਕਿਸਾਨਾਂ ਦਾ ਮੁਆਵਜ਼ਾ ਲੈਣ ਲਈ ਇਕਜੁੱਟ ਹੋਣਾ ਪਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਜਾਏ 15 ਅਗਸਤ ਤੱਕ ਮੁਆਵਜ਼ਾ ਜਾਰੀ ਕਰਨ ਦੇ ਦੇ ਆਪ ਸਰਕਾਰ ਹਾਲੇ ਤੱਕ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀਆਂ ਕਰਨ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਟਾਲਾ ਵੱਟਿਆ ਜਾ ਸਕੇ, ਜਿਹਨਾਂ ਨੇ ਦੁਬਾਰਾ ਝੋਨਾ ਲਗਾ ਲਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਪ੍ਰਤੀ ਸੰਜੀਦਾ ਨਹੀਂ ਹਨ ਤੇ ਉਹ ਸਿਰਫ ਤਸਵੀਰਾਂ ਖਿੱਚਵਾਉਣ ਵਿਚ ਦਿਲਚਸਪੀ ਰੱਖਦੇ ਹਨ। ਉਹਨਾਂ ਕਿਹਾ ਕਿ ਕੁਝ ਕਿਸਾਨਾਂ ਨੂੰ ਲਿਫਾਫਿਆਂ ਵਿਚ 40-40 ਹਜ਼ਾਰ ਰੁਪਏ ਦੇ ਚੈਕ ਲਿਫਾਫੇ ਵਿਚ ਹੋਣ ਦਾ ਦਾਅਵਾ ਕਰਕੇ ਦਿੱਤੇ ਗਏ ਜਦੋਂ ਕਿ ਲਿਫਾਫਿਆਂ ਵਿਚੋਂ ਚੈਕ ਸਿਰਫ 4 ਹਜ਼ਾਰ ਰੁਪਏ ਦੇ ਨਿਕਲੇ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਵਿਅਕਤੀ ਜਿਸਦਾ ਘਰ ਤਬਾਹ ਹੋ ਗਿਆ ਸੀ, ਉਸਨੂੰ 6800 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ,ਜਦੋਂ ਕਿ ਮਕਾਨ ’ਤੇ ਲੱਖਾਂ ਰੁਪਏ ਦੁਬਾਰਾ ਬਣਾਉਣ ’ਤੇ ਲੱਗਣੇ ਹਨ। ਬਾਦਲ ਨੇ ਕਿਸਾਨ ਸ਼ਹੀਦ ਪ੍ਰੀਤ ਸਿੰਘ ਜਿਸਦੀ ਕੱਲ੍ਹ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਹੁਕਮਾਂ ਨਾਲ ਹੋਏ ਲਾਠੀਚਾਰਜ ਵਿਚ ਮੌਤ ਹੋ ਗਈ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਸੂਬੇ ਦੇ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ, ਅਸੀਂ ਉਹਨਾਂ ਦੀ ਡਟਵੀਂ ਹਮਾਇਤ ਕਰਦੇ ਹਾਂ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਨਾਲ-ਨਾਲ ਉਹਨਾਂ ਸਾਰੇ ਪੁਲਿਸ ਅਫਸਰਾਂ ਖਿਲਾਫ ਕਤਲ ਕੇਸ ਦਰਜ ਕੀਤਾ ਜਾਵੇ ,ਜੋ ਸੰਗਰੂਰ ਵਿਚ ਕਿਸਾਨਾਂ ’ਤੇ ਤਸ਼ੱਦਦ ਕਰਨ ਲਈ ਜ਼ਿੰਮੇਵਾਰ ਹਨ। ਬਾਦਲ ਨੇ ਆਪ ਸਰਕਾਰ ਦੇ ਰਾਜ ਵਿਚ ਨਸ਼ਾ ਤਸਕਰੀ ਵਿਚ ਕਈ ਗੁਣਾ ਵਾਧਾ ਹੋਣ ਬਾਰੇ ਵੀ ਗੱਲ ਕੀਤੀ। ਉਹਨਾਂ ਕਿਹਾ ਕਿ ਸਿੰਥੈਟਿਕ ਨਸ਼ੇ ਬਹੁਤ ਪਸਰ ਗਏ ਹਨ ਤੇ ਓਵਰਡੋਜ਼ ਨਾਲ ਸੂਬੇ ਵਿਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਮਾਫੀਆ ਨਾਲ ਰਲੇ ਹੋਏ ਹਨ ਤੇ ਉਹਨਾਂ ਤੋਂ ਮਹੀਨੇ ਲੈਂਦੇ ਹਨ। ਉਹਨਾਂ ਕਿਹਾ ਕਿ ਆਪ ਵਿਧਾਇਕ ਖੁਦ ਰੇਤ ਮਾਇਨਿੰਗ ਵਿਚ ਲੱਗੇ ਹਨ ,ਜਿਸ ਕਾਰਨ ਰੇਤੇ ਦੇ ਰੇਟ ਅਕਾਲੀ ਦਲ ਦੀ ਸਰਕਾਰ ਵੇਲੇ 7 ਰੁਪਏ ਪ੍ਰਤੀ ਘਣ ਫੁੱਟ ਤੋਂ ਵੱਧ ਕੇ ਹੁਣ 35 ਰੁਪਏ ਫੁੱਟ ਹੋ ਗਏ ਹਨ। ਧਰਨੇ ’ਤੇ ਬੋਲਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉਹਨਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨਦਾ ਪੂਰਾ ਮੁਆਵਜ਼ਾ ਨਹੀਂ ਮਿਲਦਾ, ਉਹ ਆਪ ਦੇ ਅਹੁਦੇਦਾਰਾਂ ਨੂੰ ਪਿੰਡਾਂ ਵਿਚ ਨਾ ਵੜ੍ਹਨ ਦੇਣ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਲੋਕਾਂ ਨੇ ਆਪ ਬੰਨ ਮਜ਼ਬੂਤ ਕੀਤੇ ਤੇ ਆਪ ਸਰਕਾਰ ਤਾਂ ਡੀਜ਼ਲ, ਰੇਤੇ ਦੇ ਥੈਲੇ ਤੇ ਪਲਾਸਟਿਕ ਸ਼ੀਟਾਂ ਵੀ ਦੇਣ ਲਈ ਤਿਆਰ ਨਹੀਂ ਸੀ। ਉਹਨਾਂ ਕਿਹਾ ਕਿ ਹੁਣ ਕਰੋੜਾਂ ਰੁਪਏ ਦੇ ਫਰਜ਼ੀ ਬਿੱਲ ਤਿਆਰ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਕੀਤੀ ਅਪੀਲ ,ਜਦੋਂ ਤੱਕ ਹੜ੍ਹਾਂ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਦਾ, ਆਪ ਦੇ ਅਹੁਦੇਦਾਰਾਂ ਨੂੰ ਪਿੰਡਾਂ ’ਚ ਨਾ ਵੜ੍ਨ ਦਿਓ
ABP Sanjha | shankerd | 22 Aug 2023 11:01 PM (IST)
Punjab News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਜਦੋਂ ਤੱਕ ਉਹਨਾਂ ਨੂੰ ਹਾਲ ਹੀ ਵਿਚ ਆਏ ਤਬਾਹੀ ਵਾਲੇ ਹੜ੍ਹਾਂ ਵਿਚ ਹੋਏ ਨੁਕਸਾਨ ਦਾ ਪੂਰਾ ਮੁ
Sukhbir Badal