ਹੀਰੇ ਦੀਆਂ ਵਾਲੀਆਂ ਗੁਆਚਣ 'ਤੇ ਉੱਡੇ ਹੋਸ਼, ਸ਼ੱਕ ਪੈਣ 'ਤੇ ਕੁੱਤੇ ਦਾ ਕਰਾਇਆ ਐਕਸਰੇ, ਅੰਤੜੀਆਂ 'ਚ ਫਸੀਆਂ
ਏਬੀਪੀ ਸਾਂਝਾ | 03 Mar 2019 02:17 PM (IST)
ਜਲੰਧਰ: ਸਥਾਨਕ ਗੁਰੂ ਰਾਮਦਾਸ ਕਲੋਨੀ ਵਿੱਚ ਰਹਿਣ ਵਾਲੇ ਪਰਿਵਾਰ ਦੇ ਪਾਲਤੂ ਕੁੱਤੇ ਨੇ ਬੈਡਰੂਮ ਵਿੱਚ ਰੱਖੇ ਹੀਰੇ ਦੀਆਂ ਵਾਲੀਆਂ ਨਿਗਲ ਲਈਆਂ। ਵਾਲੀਆਂ ਗਾਇਬ ਹੋਣ ’ਤੇ ਪਹਿਲਾਂ ਪਰਿਵਾਰ ਨੇ ਬਥੇਰੀ ਤਲਾਸ਼ ਕੀਤੀ ਪਰ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਘਰ ਵਿੱਚ ਕੁੱਤੇ ਤੋਂ ਇਲਾਵਾ ਕੋਈ ਹੋਰ ਮੌਜੂਦ ਨਹੀਂ ਸੀ। ਇਸ ਲਈ ਘਰ ਵਾਲਿਆਂ ਨੂੰ ਸ਼ੱਕ ਹੋਇਆ ਕਿ ਕਿਤੇ ਕੁੱਤੇ ਨੇ ਹੀ ਨਾ ਹੀਰੇ ਦੀਆਂ ਵਾਲੀਆਂ ਨਿਗਲ ਲਈਆਂ ਹੋਣ। ਇਸ ਪਿੱਛੋਂ ਸ਼ੱਕ ਦੇ ਆਧਾਰ ’ਤੇ ਪਰਿਵਾਰ ਕੁੱਤੇ ਨੂੰ ਲੈ ਕੇ ਪਸ਼ੂਆਂ ਦੇ ਡਾਕਟਰ ਕੋਲ ਪੁੱਜੇ ਜਿੱਥੇ ਡਾਕਟਰ ਨੇ ਕੁੱਤੇ ਦਾ ਐਕਸਰੇਅ ਕਰਵਾਉਣ ਲਈ ਕਿਹਾ। ਕੁੱਤੇ ਨੂੰ ਉਲਟੀ ਦੀ ਦਵਾਈ ਵੀ ਦਿੱਤੀ ਗਈ ਪਰ ਕੁਝ ਨਹੀਂ ਹੋਇਆ। ਡਾਕਟਰ ਮੁਕੇਸ਼ ਗੁਪਤਾ ਨੇ ਕਿਹਾ ਕਿ ਕੁੱਤੇ ਦੇ ਐਕਸਰੇਅ ਤੋਂ ਸਪਸ਼ਟ ਹੋ ਗਿਆ ਹੈ ਕਿ ਵਾਲੀਆਂ ਉਸ ਦੇ ਢਿੱਡ ਤੇ ਅੰਤੜੀਆਂ ਵਿੱਚ ਫਸੀਆਂ ਹੋਈਆਂ ਹਨ। ਹਾਲਾਂਕਿ ਕੁੱਤੇ ਨੂੰ ਕੋਈ ਤਕਲੀਫ ਨਹੀਂ ਹੋ ਰਹੀ। ਇਸ ਸਬੰਧੀ ਡਾਕਟਰ ਜੀਐਸ ਬੇਦੀ ਨੇ ਦੱਸਿਆ ਕਿ ਪਾਲਤੂ ਕੁੱਤੇ ਖਿਡੌਣੇ, ਸੋਨੇ ਦੀਆਂ ਵਾਲੀਆਂ, ਅੰਗੂਠੀ ਜਾਂ ਚੇਨ ਆਦਿ ਨਿਗਲ ਲੈਂਦੇ ਹਨ। ਜੇ ਕੁੱਤੇ ਦੀ ਉਮਰ ਘੱਟ ਹੋਵੇ ਤਾਂ ਆਪ੍ਰੇਸ਼ਨ ਕਰਕੇ ਸਾਮਾਨ ਕੁੱਤੇ ਦੇ ਸਰੀਰ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਲਹਾਲ ਕੁੱਤੇ ਦੀ ਉਮਰ ਜ਼ਿਆਦਾ ਹੈ ਇਸ ਲਈ ਡਾਕਟਰ ਉਸ ਨੂੰ ਉਲਟੀ ਕਰਵਾਉਣ ’ਤੇ ਜ਼ੋਰ ਦੇ ਰਹੇ ਹਨ।