ਚੰਡੀਗੜ੍ਹ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੋਰ ਮਜ਼ਬੂਤ ਕਰਨ ਦੇ ਹਿੱਤ 'ਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ।
ਅੱਜ ਦੁਪਹਿਰ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਪੱਖਪਾਤ ਜਾਂ ਫਿਰ ਸਿਆਸੀ ਜਾਂ ਚੋਣਾਂ ਦੀ ਮੌਕਾਪ੍ਰਸਤੀ ਨੂੰ ਭੁੱਲਰ ਦੀ ਰਿਹਾਈ ਲਈ ਪ੍ਰਵਾਨਗੀ ਨਾ ਦੇਣ ਦਾ ਆਧਾਰ ਨਾ ਬਣਨ ਦੇਣ।
ਉਹਨਾਂ ਕਿਹਾ ਕਿ ਭੁੱਲਰ ਨੁੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜੇਲ੍ਹ ਵਿਚ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਬੀਤੇ ਸਮੇਂ ਵਿਚ ਕਾਂਗਰਸੀ ਸ਼ਾਸ਼ਕਾਂ ਦੀਆਂ ਸੌੜੀਆਂ ਫਿਰਕੂ ਤੇ ਧਰੁਵੀਕਰਨ ਵੱਲ ਸੇਧਤ ਸਿਆਸੀ ਸਾਜ਼ਿਸ਼ਾਂ ਦਾ ਵੱਡਾ ਖਮਿਆਜ਼ਾ ਭੁਗਤਿਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਹੀ ਛੋਟੇ-ਛੋਟੇ ਕਾਰਨਾਂ ਦੇ ਰਾਹ ਤੁਰਨ ਦੀ ਬਿਰਤੀ ਤੋਂ ਗਰੇਜ਼ ਕਰਨਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਦਾ ਧਿਆਨ ਦਵਿੰਦਰਪਾਲ ਸਿੰਘ ਭੁੱਲਰ ਦੀ ਨਿਰੰਤਰ ਵਿਗੜ ਰਹੀ ਸਿਹਤ ਵੱਲ ਵੀ ਦੁਆਇਆ। ਉਹਨਾਂ ਕਿਹਾ ਕਿ ਕਾਨੁੰਨੀ ਆਧਾਰ ਦੀ ਥਾਂ ’ਤੇ ਮਨੁੱਖਤਾ ਦੇ ਆਧਾਰ ’ਤੇ ਤੁਹਾਨੁੰ ਇਸ ਕੇਸ ਵਿਚ ਫੌਰੀ ਹਾਂ ਪੱਖੀ ਕਾਰਵਾਈ ਕਰਨੀ ਚਾਹੀਦੀ ਹੈ।
ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅਮਨ ਪਸੰਦ ਪੰਜਾਬੀਆਂ ਦੇ ਧਰੁਵੀਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ ਤੇ ਨਾ ਹੀ ਇਥੇ ਵੱਖ ਵੱਖ ਫਰਕਿਆਂ ਵਿਚ ਆਪਸੀ ਭਰਾਵਾਂ ਵਾਲੇ ਮਜ਼ਬੂਤ ਰਿਸ਼ਤੇ ਨੁੰ ਕਮਜ਼ੋਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਰਕੂ ਰਾਜਨੀਤੀ ਕਦੇ ਵੀ ਸਕਿਰਤਾ, ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਚੰਗੀ ਨਹੀਂ ਹੁੰਦੀ।
ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਸਮਾਜ ਅਤੇ ਦੇਸ਼ ਪ੍ਰਤੀ ਸੰਜੀਦਗੀ ਤੇ ਜ਼ਿੰਮੇਵਾਰੀ ਵਿਖਾਉਣ ਅਤੇ ਅਜਿਹਾ ਕੁਝ ਨਾ ਕਰਨ ਜਿਸ ਨਾਲ ਫਿਰਕੂ ਧਰੁਵੀਕਰਨ ਵਰਗੀ ਨਾਂਹ ਪੱਖੀ ਸੋਚ ਮਜ਼ਬੂਤ ਹੁੰਦੀ ਹੋਵੇ। ਉਹਨਾਂ ਕਿਹਾ ਕਿ ਪੰਜਾਬ ਕਦੇ ਵੀ ਉਹਨਾਂ ਨੁੰ ਮੁਆਫ ਨਹੀਂ ਕਰ ਸਕਦਾ ਜੋ ਇਥੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨਾਲ ਪੰਗਾ ਲੈਂਦੇ ਹੋਣ।
ਅਕਾਲੀ ਆਗੂ ਨੇ ਕਿਹਾ ਕਿ ਭੁੱਲਰ ਦੀ ਰਿਹਾਈ ਨਾਲ ਪੰਜਾਬ ਵਿਚ ਵੱਖ ਵੱਖ ਫਿਰਕਿਆਂ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਤੇ ਇਸ ਨਾਲ ਭੁੱਲਰ ਦੇ ਖਿਲਾਫ ਅਨਿਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਭਾਵਨਾ ਘਟਾਉਣ ਵਿਚ ਮਦਦ ਮਿਲੇਗੀ।