ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ 'ਤੇ ਸਿਆਸੀ ਲੀਡਰਾਂ ਵਿੱਚ 'ਡੋਪ ਜੰਗ' ਛਿੜ ਗਈ ਹੈ। ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚੋਂ ਡੋਪ ਟੈਸਟ ਕਰਵਾ ਕੇ ਦੂਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਡੋਪ ਟੈਸਟ ਕਰਨ ਲਈ ਵੰਗਾਰਿਆ।

 

ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਡੋਪ ਟੈਸਟ ਕਰਵਾਉਣ ਪਹੁੰਚੇ ਪਰ ਡਾਕਟਰਾਂ ਨੇ ਡੋਪ ਤੋਂ ਨਾਂਹ ਕਰ ਦਿੱਤੀ। ਡਾਕਟਰਾਂ ਨੇ ਕਿਹਾ ਕਿ ਬਿਮਾਰੀ ਦੀਆਂ ਦਵਾਈਆਂ ਚੱਲ ਰਹੀਆਂ ਹਨ। ਇਸ ਲਈ ਸੋਮਵਾਰ ਤੱਕ ਡੋਪ ਟੈਸਟ ਹੋ ਸਕਦਾ ਹੈ।

ਇਸ ਮੌਕੇ ਤ੍ਰਿਪਤ ਬਾਜਵਾ ਨੇ ਕਿਹਾ ਸਾਰੇ ਲੀਡਰ ਆਪਣੀ ਜ਼ਮੀਰ ਮੁਤਾਬਕ ਟੈਸਟ ਕਰਵਾਉਣ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਆਪਣੇ ਲੀਡਰ ਸੁਖਪਾਲ ਖਹਿਰਾ ਦਾ ਵੀ ਡੋਪ ਕਰਵਾਉਣ। ਉਧਰ ਅਮਨ ਅਰੋੜਾ ਨੇ ਵੀ ਸਾਰੇ ਲੀਡਰਾਂ ਨੂੰ ਅੱਗੇ ਆ ਕੇ ਡੋਪ ਟੈਸਟ ਕਰਾਉਣ ਲਈ ਕਿਹਾ।

ਦਰਅਸਲ ਤ੍ਰਿਪਤ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਲੋਕਾਂ ਵੱਲੋਂ ਚੁਣੇ ਜਾਂਦੇ ਨੁਮਾਇੰਦਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪੰਚਾਇਤੀ ਚੋਣਾਂ ਵਿੱਚ ਵੀ ਡੋਪ ਕਰਾਉਣ ਦੀ ਤਜਵੀਜ਼ ਰੱਖੀ ਹੈ।