ਪਟਿਆਲਾ ਤੋਂ ਭਰਤ ਭੂਸ਼ਣ ਦੀ ਰਿਪੋਰਟ
Lok Sabha Election: ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਡਾ ਬਲਬੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਦੋ ਸਾਲ ਬੇਮਿਸਾਲ ਦਾ ਨਾਅਰੇ ਨਾਲ ਲੋਕਾਂ ਤੋਂ ਵੋਟਾਂ ਮੰਗਣਗੇ। ਭਾਜਪਾ ਦੇ 400 ਪਾਰ ਵਾਲੇ ਨਾਅਰੇ ਉੱਤੇ ਤੰਜ ਕਸਦਿਆਂ ਕਿਹਾ ਕਿ ਇਸ ਵਾਰ ਭਾਜਪਾ 200 ਦਾ ਅੰਕੜਾ ਵੀ ਪਾਰ ਨਹੀਂ ਕਰੇਗੀ। ਇਸ ਦੇ ਨਾਲ ਹੀ ਸਿਆਸੀ ਵਿਰੋਧੀਆਂ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਹੋਈ ਸੀ ਉਵੇਂ ਹੀ ਪਰਨੀਤ ਕੌਰ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਵੇਗਾ।
ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਾ ਵਿੱਚ ਕੋਈ ਵੀ ਪਾਰਟੀ ਦਾ ਉਮੀਦਵਾਰ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕੇਗਾ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਬਹੁਤ ਕੰਮ ਕੀਤੇ ਹਨ। ਸਰਕਾਰ ਨੇ ਲੋਕਾਂ ਨੂੰ ਰੁਜ਼ਗਾਰ ਦੇ ਨਾਲ ਨਾਲ ਸਹੂਲਤਾਂ ਵੀ ਦਿੱਤੀਆਂ ਹਨ।
ਭਾਜਪਾ ਨੇ ਦੇਸ਼ ਭਰ ਵਿੱਚ ਫੈਲਾਇਆ ਭ੍ਰਿਸ਼ਟਾਚਾਰ
ਡਾ: ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਨੇ ਈਡੀ, ਸੀਬੀਆਈ ਅਤੇ ਆਈਟੀ ਰਾਹੀਂ ਦੇਸ਼ ਭਰ ਵਿੱਚ ਭ੍ਰਿਸ਼ਟਾਚਾਰ ਫੈਲਾਇਆ ਹੈ, ਜਿਸ ਦਾ ਖੁਲਾਸਾ ਚੋਣ ਬਾਂਡ ਦੀ ਰਿਪੋਰਟ ਤੋਂ ਹੋਇਆ ਹੈ। ਭਾਜਪਾ ਦੇਸ਼ ਭਰ ਵਿੱਚ ਪਾਰਟੀਆਂ ਨੂੰ ਤਬਾਹ ਕਰ ਰਹੀ ਹੈ। NCP, ਸ਼ਿਵ ਸੈਨਾ ਅਤੇ ਹੋਰ ਪਤਾ ਨਹੀਂ ਅਜਿਹੀਆਂ ਕਿੰਨੀਆਂ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਸ਼ੱਕ ਦੇ ਘੇਰੇ ਵਿੱਚ ਚੋਣ ਕਮਿਸ਼ਨ
ਡਾ. ਬਲਬੀਰ ਸਿੰਘ ਨੇ ਚੋਣ ਕਮਿਸ਼ਨ 'ਤੇ ਬੋਲਦਿਆਂ ਉਨ੍ਹਾਂ 'ਤੇ ਵੀ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ 'ਚ ਸਪੱਸ਼ਟ ਹੋ ਗਿਆ ਹੈ ਕਿ ਉਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ 'ਤੇ ਕਾਰਵਾਈ ਨਹੀਂ ਕਰਦਾ ਪਰ ਦੂਜੇ ਪਾਸੇ ਰਾਹੁਲ ਗਾਂਧੀ 'ਤੇ ਕਾਰਵਾਈ ਹੋ ਜਾਂਦੀ ਹੈ ਅਤੇ ਕਿਤੇ ਨਾ ਕਿਤੇ ਉਨ੍ਹਾਂ 'ਤੇ ਵੀ ਸ਼ੱਕ ਹੈ।
ਕੈਪਟਨ ਵਾਂਗ ਪਰਨੀਤ ਕੌਰ ਦੀ ਵੀ ਹੋਵੇਗੀ ਹਾਰ
ਡਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ। ਜੇ ਪਰਨੀਤ ਕੌਰ ਨੂੰ ਪਟਿਆਲਾ ਵਿੱਚ ਟਿਕਟ ਮਿਲਦੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵਾਂਗ ਚੋਣਾਂ ਹਾਰ ਜਾਵੇਗੀ ਕਿਉਂਕਿ ਭਾਜਪਾ ਦਾ ਪਿੰਡਾਂ ਵਿੱਚ ਕੋਈ ਆਧਾਰ ਨਹੀਂ ਹੈ।