ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵੱਲੋ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਬੀਤੇ ਕਈ ਦਿਨ ਤੋਂ ਡਾ: ਦਲਜੀਤ ਚੀਮਾਂ ਵੱਲ਼ੋ ਆਪਣੇ ਧੜੇ ਦੀ ਬਣਾਈ ਪਾਲਿਸੀ ਮੁਤਾਬਕ ਰੋਜ਼ਾਨਾਂ ਚੈਨਲਾਂ ਤੇ ਸੰਗਤ ਸਾਹਮਣੇ ਨਿਰਾ ਝੂਠ ਪਰੋਸਦੇ ਹੋਏ ਵਿਰੋਧੀ ਧੜੇ ਤੇ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਵਿਰੋਧੀ ਗਰਦਾਨਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ।


 ਸ: ਬਰਾੜ ਨੇ ਕਿਹਾ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਹਰੇਕ ਫੈਸਲੇ ਉਤੇ ਫੁੱਲ ਚੜ੍ਹਾਵਗੇ। ਪਰ ਚੰਗਾ ਹੁੰਦਾ ਜੇਕਰ ਡਾ: ਚੀਮਾ ਸੰਗਤ ਨੂੰ ਸਰਕਾਰ ਦੌਰਾਨ ਹੋਈਆਂ ਗਲਤੀਆਂ ਅਤੇ ਗੁਨਾਹਾਂ ਬਾਰੇ ਥੋੜਾ ਬਹੁਤਾ ਸੱਚ ਕਬੂਲ ਕਰ ਲੈਂਦੇ, ਜਿਸ ਚਿੱਠੀ ਦਾ ਜਿਕਰ ਹੁਣ ਡਾ: ਚੀਮਾ ਕਰ ਰਹੇ ਹਨ, ਇਹ ਚਿੱਠੀ 16 ਅਕਤੂਬਰ 2015 ਨੂੰ ਹੋਈ ਕੋਰ ਕਮੇਟੀ ਵਾਲੇ ਦਿਨ ਦੇ ਫੈਸਲੇ ਦੀ ਹੈ, ਜਿਸ ਵਿੱਚ ਫੈਸਲਾ ਹੋਇਆ ਸੀ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋਵੇਗੀ ਅਤੇ ਮੁਆਫ਼ੀ ਦੁਆਉਣ ਵਾਲੀ ਗੱਲ ਤੋਂ ਲੈ ਕੇ ਪੰਥਕ ਸਰਕਾਰ ਵੇਲੇ ਹੋਈਆਂ ਗਲਤੀਆਂ ਗੁਨਾਹਾਂ ਦੀ ਮੁਆਫੀ ਮੰਗੇਗੀ।



ਪਰ ਜਿਹੜੀ ਚਿੱਠੀ ਹੁਣ ਦਿਖਾਈ ਜਾ ਰਹੀ ਹੈ, ਇਹ ਕੋਰ ਕਮੇਟੀ ਦੇ ਫੈਸਲੇ ਦੇ ਬਿਲਕੁਲ ਉਲਟ ਹੈ। ਇਸ ਵਿਚ ਕਿਤੇ ਵੀ ਬੇਅਦਬੀ ਬਾਰੇ, ਡੇਰਾ ਮੁਆਫ਼ੀ ਬਾਰੇ, ਵੋਟਾਂ ਦਾ ਸੌਦੇ ਬਾਰੇ ਜਾਂ ਕੇਸ ਵਾਪਿਸ ਲੈਣ ਬਾਰੇ ਦਾ ਜਿਕਰ ਤੱਕ ਨਹੀਂ। ਇਨਸਾਫ਼ ਮੰਗ ਰਹੀ ਸੰਗਤ ਉਤੇ ਗੋਲੀ ਚਲਾਉਣ ਦਾ ਜਿਕਰ ਤੱਕ ਨਹੀਂ ਹੈ। ਕੋਰ ਕਮੇਟੀ ਦੇ ਫੈਸਲੇ ਮੁਤਾਬਿਕ ਭੁੱਲ ਬਖਸ਼ਾਉਣ ਵਾਲੀ ਗੱਲ ਇਸ ਚਿੱਠੀ ਨਹੀਂ ਦਿੱਤੀ।


ਇਸ ਵਕਤ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਉਸ ਸਮੇਂ ਪਾਰਟੀ ਵੱਲੋਂ ਪਸ਼ਚਾਤਾਪ ਲਈ ਰਖਾਏ ਸ੍ਰੀ ਅਖੰਡਪਾਠ ਸਾਹਿਬ ਵਿੱਚ ਭਰੀ ਹਾਜਰੀ ਦੀ ਤਸਵੀਰ ਡਾ: ਚੀਮਾ ਵੱਲੋਂ ਦਿਖਾਈ ਜਾ ਰਹੀ ਹੈ, ਉਸ ਉਤੇ ਅਸੀਂ ਬਿਲਕੁਲ ਸਪੱਸ਼ਟ ਹਾਂ ਕਿ ਪਸ਼ਚਾਤਾਪ ਕਰਨਾਂ ਜ਼ਰੂਰੀ ਸੀ ਤੇ ਹਮੇਸ਼ਾ ਅਰਦਾਸ ਬੇਨਤੀਆਂ ਕਰਦੇ ਰਹੇ ਹਾਂ, ਹੁਣ ਇਸ ਤਸਵੀਰ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤ ਕੇ ਇੱਕ ਵਾਰ ਫਿਰ ਵੱਡਾ ਗੁਨਾਹ ਕਰਨ ਤੋਂ ਬਾਜ ਨਹੀਂ ਆ ਰਹੇ ਅਤੇ ਪਹਿਲਾਂ ਵਾਂਗ ਕੀਤੀਆਂ ਗਲਤੀਆਂ ਕਦੋਂ ਗੁਨਾਹ ਬਣ ਗਏ ਸਨ, ਓਸੇ ਤਰਜ ਉਤੇ ਹੁਣ ਵੀ ਗੁਨਾਹਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ, ਨਾ ਕਿ ਸੰਗਤ ਸਾਹਮਣੇ ਸੱਚ ਬੋਲਣ ਅਤੇ ਸੁਣਨ ਦੀ ਹਿੰਮਤ ਦਿਖਾਈ ਜਾ ਰਹੀ ਹੈ।
ਸ: ਬਰਾੜ ਨੇ ਕਿਹਾ ਹੁਣ ਵੀ ਚਿੱਠੀ ਜਨਤਕ ਕਰਨ ਦੀ ਗੱਲ ਇਸੇ ਕਰਕੇ ਕਰ ਰਹੇ ਹਾਂ ਕਿ ਉਪਰੋਕਤ ਘੱਟੋ-ਘੱਟ ਤਿੰਨ ਚਾਰ ਗੱਲਾਂ ਲਈ ਮੁਆਫ਼ੀ ਮੰਗੀ ਹੈ ਕਿ ਨਹੀ ਇਹ ਪੰਥ ਨੂੰ ਪਤਾ ਚੱਲ ਸਕੇ।