ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸੰਪੂਰਨਤਾ ਦਿਵਸ ਨੂੰ ਪੰਜਾਬ ਸਰਕਾਰ ਸੋਮਵਾਰ ਰਾਜ ਪੱਧਰ ਦੇ ਸਮਾਰੋਹ ਦੇ ਰੂਪ ਵਿੱਚ ਮਨਾ ਰਹੀ ਹੈ। ਇਸ ਉਦੇਸ਼ ਨਾਲ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਤੀਹ ਹਜ਼ਾਰ ਵਰਗ ਫੁੱਟ ਵਿੱਚ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਕਰੋਨਾ ਕਾਰਨ ਸਰੀਰਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਤੇ ਸੰਤ ਸਮਾਜ ਸ਼ਾਮਲ ਹੋਵੇਗਾ।
ਡੇਰਾ ਬਾਬਾ ਨਾਨਕ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗੁਰਬਾਣੀ ਤੇ ਕੀਰਤਨ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ। ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
9700 ਵਰਗ ਫੁੱਟ ਵਿਚ ਪੰਡਾਲ, ਜਿਸ ਵਿੱਚ 30 ਬਾਈ 30 ਦੇ ਤਿੰਨ ਮੰਚ ਹਨ। ਇੱਕ ਮੰਚ ਸ੍ਰੀ ਗੁਰੂ ਗ੍ਰੰਥ ਸਾਹਿਬ, ਦੂਸਰਾ ਸੰਤ ਸਮਾਜ ਤੇ ਤੀਸਰਾ ਮੰਚ ਰਾਜਨੀਤਕ ਲੋਕਾਂ ਦੇ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਚ ਨੂੰ ਬਾਕੀ ਦੋਨਾਂ ਤੋਂ ਦੋ ਫੁੱਟ ਉੱਚਾ ਰੱਖਿਆ ਗਿਆ ਹੈ।
ਡੇਢ ਏਕੜ ਵਿੱਚ ਦੋ ਜਗ੍ਹਾ ਪਾਰਕਿੰਗ ਸਥਾਨ ਬਣਾਏ ਗਏ ਹਨ। ਮੇਨ ਗੇਟ ਤੋਂ ਸੰਤ ਸਮਾਜ ਅਤੇ ਨੇਤਾਵਾਂ ਦੀ ਐਂਟਰੀ ਹੋਵੇਗੀ। ਆਮ ਲੋਕ ਫਤਿਹਗੜ੍ਹ ਚੂੜੀਆਂ-ਰਮਦਾਸ ਰੋਡ ਉੱਤੇ ਬਣੇ ਮਾਰਗ ਰਾਹੀਂ ਆਉਣਗੇ। ਕਸਬੇ ਨੂੰ ਪੰਜ ਸੌ ਝੰਡੇ ਲਗਾ ਕੇ ਖ਼ੂਬਸੂਰਤ ਬਣਾਇਆ ਗਿਆ ਹੈ। ਪੂਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ ਹੈ।