Punjab News: ਦੋ ਵਿਆਹਾਂ ਨੂੰ ਲੈ ਕੇ ਛਿੜੀ ਬਹਿਸ ਵਿੱਚ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੀ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਪਤੀ ਨਵਜੋਤ ਸਿੱਧੂ ਦਾ ਬਚਾਅ ਕਰਦੇ ਹੋਏ ਸੀਐਮ ਮਾਨ ਨੂੰ ਘੇਰਿਆ ਹੈ।






ਦਰਅਸਲ ਕਾਂਗਰਸੀ ਆਗੂ ਨਵਜੋਤ ਸਿੱਧੂ ਤੇ ਸੀਐਮ ਭਗਵੰਤ ਮਾਨ ਵਿਚਾਲੇ ਦੋ ਵਿਆਹ ਕਰਵਾਉਣ ਨੂੰ ਲੈ ਕੇ ਤਿੱਖੀ ਬਿਆਨਬਾਜ਼ੀ ਚੱਲ ਰਹੀ ਹੈ। ਇਸ ਸ਼ਬਦੀ ਜੰਗ ਨੇ ਉਸ ਵੇਲੇ ਤਿੱਖਾ ਮੋੜ ਲਿਆ ਜਦੋਂ ਸੀਐਮ ਮਾਨ ਨੇ ਸਿੱਧੂ ਦੇ ਪਿਤਾ ਬਾਰੇ ਵੱਡਾ ਬਿਆਨ ਦਾਗ ਦਿੱਤਾ।

ਇਸ ਮਾਮਲੇ ਵਿੱਚ ਹੁਣ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਸਿੱਧੂ ਵੀ ਕੁੱਦ ਪਈ ਹੈ। ਡਾ. ਨਵਜੋਤ ਸਿੱਧੂ ਨੇ ਇੱਕ ਟਵੀਟ ਵਿੱਚ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਲਿਖਿਆ- ਮੇਰਾ ਮੰਨਣਾ ਹੈ ਕਿ ਸਿੱਧੂ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਇੰਨੀ ਗੰਭੀਰ ਟਿੱਪਣੀ ਨਹੀਂ ਕੀਤੀ ਹੈ। ਸਾਨੂੰ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਦਾ ਅਧਿਕਾਰ ਨਹੀਂ। ਹਾਲਾਂਕਿ ਨਵਜੋਤ ਸਿੱਧੂ ਦੇ ਪਿਤਾ ਦੇ ਵਿਆਹ ਸਬੰਧੀ ਤੁਹਾਡੇ ਬਿਆਨ ਵਿੱਚ ਗਲਤੀ ਹੈ। ਸਿੱਧੂ ਦੇ ਪਿਤਾ ਐਡਵੋਕੇਟ ਜਨਰਲ ਪੰਜਾਬ ਭਗਵੰਤ ਸਿੰਘ ਸਿੱਧੂ ਨੇ ਦੋ ਵਿਆਹ ਨਹੀਂ ਕਰਵਾਏ ਸੀ। ਉਨ੍ਹਾਂ ਦਾ ਇੱਕ ਹੀ ਵਿਆਹ ਹੋਇਆ ਸੀ।

ਦੱਸ ਦਈਏ ਕਿ ਬੁੱਧਵਾਰ ਨੂੰ ਖਰੜ 'ਚ ਸੂਬੇ ਦੇ 35ਵੇਂ ਜੱਚਾ-ਬੱਚਾ ਦੇਖਭਾਲ ਕੇਂਦਰ ਦੇ ਉਦਘਾਟਨ ਮੌਕੇ ਇੱਕ ਜਨਤਕ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਤੇ ਸਮੁੱਚੀ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਸੀ। ਮੁੱਖ ਮੰਤਰੀ ਉਨ੍ਹਾਂ ਦੇ ਨਿੱਜੀ ਜੀਵਨ 'ਤੇ ਟਿੱਪਣੀ ਕਰਨ ਤੇ ਉਨ੍ਹਾਂ ਦੇ ਦੂਜੇ ਵਿਆਹ 'ਤੇ ਉਂਗਲ ਉਠਾਉਣ ਵਾਲੇ ਵਿਰੋਧੀਆਂ 'ਤੇ ਵਰ੍ਹੇ।

ਆਪਣੇ ਦੂਜੇ ਵਿਆਹ 'ਤੇ ਚੁੱਕੇ ਗਏ ਸਵਾਲਾਂ ਦੇ ਜਵਾਬ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ। ਮੁੱਖ ਮੰਤਰੀ ਨੇ ਸਿੱਧੂ ਨੂੰ ਲਲਕਾਰਦਿਆਂ ਕਿਹਾ ਕਿ ਜੇਕਰ ਅਜਿਹੀਆਂ ਗੱਲਾਂ 'ਤੇ ਹੀ ਆਉਣਆ ਹੈ ਤਾਂ ਆ ਜਾਓ, ਮੈਂ ਤਿਆਰ ਹਾਂ।'' ਮਾਨ ਨੇ ਸਿੱਧੂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੇ ਪਿਤਾ ਨੇ ਦੁਬਾਰਾ ਵਿਆਹ ਨਾ ਕਰਵਾਇਆ ਹੁੰਦਾ ਤਾਂ ਉਹ ਇਸ ਦੁਨੀਆ 'ਚ ਹੀ ਨਾ ਆਉਂਦੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀਆਂ ਹੋਰ ਟਿੱਪਣੀਆਂ 'ਤੇ ਵੀ ਪਲਟਵਾਰ ਕੀਤਾ।