Punjab News: ਡਾ: ਗੁਰਪ੍ਰੀਤ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਦਾ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਡਾ. ਵਾਂਡਰ ਡੀਐਮਸੀ ਲੁਧਿਆਣਾ ਵਿਖੇ ਕਾਰਡੀਓਲੋਜਿਸਟ ਵਿਭਾਗ ਦੇ ਮੁਖੀ ਹਨ। ਦੱਸ ਦਈਏ ਕਿ ਡਾ ਵਾਂਡਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਵਾਂਝੇ ਰਹਿ ਗਏ ਸੀ।
ਮੁੱਖ ਮੰਤਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਮੰਨੇ-ਪ੍ਰਮੰਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ..ਬੋਰਡ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ..ਉਮੀਦ ਹੈ ਨਵੀਂ ਮੈਨੇਜਮੈਂਟ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ..
ਇਸ ਤੋਂ ਪਹਿਲਾਂ ਵੀ 30 ਸਤੰਬਰ, 2022 ਨੂੰ ਮੁੱਖ ਮੰਤਰੀ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਡਾ: ਗੁਰਪ੍ਰੀਤ ਵਾਂਡਰ ਦੀ ਨਿਯੁਕਤੀ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਰਾਜ ਦੇ ਰਾਜਪਾਲ ਵੱਲੋਂ ਰਸਮੀ ਕਾਰਵਾਈ ਪੂਰੀ ਨਾ ਹੋਣ ਕਾਰਨ ਡਾਕਟਰ ਗੁਰਪ੍ਰੀਤ ਵਾਂਡਰ ਦੇ ਨਾਂ ਵਾਲੀ ਫਾਈਲ ਵਾਪਸ ਭੇਜ ਦਿੱਤੀ ਗਈ ਸੀ। ਜਿਸ ਤੋਂ ਬਾਅਦ ਰਾਜ ਸਰਕਾਰ ਅਤੇ ਰਾਜਪਾਲ ਵਿਚਕਾਰ ਤਕਰਾਰ ਪੈਦਾ ਹੋ ਗਈ ਸੀ। ਹਾਲਾਂਕਿ ਹੁਣ ਡਾ: ਰਾਜੀਵ ਸੂਦ ਨੂੰ ਇੱਕ ਮਹੀਨਾ ਪਹਿਲਾਂ ਹੀ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ, ਪਰ ਕੇਂਦਰ ਸਰਕਾਰ ਦੇ ਅਦਾਰੇ ਵਿੱਚ ਕੰਮ ਕਰਨ ਕਾਰਨ ਉਹ ਅਜੇ ਤੱਕ ਅਹੁਦਾ ਸੰਭਾਲ ਸਕਦੇ ਹਨ।
ਜ਼ਿਕਰ ਕਰ ਦਈਏ ਕਿ ਬੋਰਡ ਦੇ ਹੋਰ ਮੈਂਬਰਾਂ ਵਿੱਚ ਵਿੱਤ ਅਤੇ ਮੈਡੀਕਲ ਸਿੱਖਿਆ ਸਕੱਤਰ ਸਮੇਤ ਮੁੱਖ ਸਕੱਤਰ, ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋਂ, ਡਾ: ਬਿਸ਼ਵ ਮੋਹਨ, ਡਾ: ਰਾਜਿੰਦਰ ਬਾਂਸਲ, ਕੋਟਕਪੂਰਾ ਦੇ ਡਾ: ਪੀ.ਐਸ ਬਰਾੜ, ਪਟਿਆਲਾ ਦੇ ਡਾ: ਕੇ.ਕੇ ਅਗਰਵਾਲ ਅਤੇ ਡਾ: ਵਿਸ਼ਾਲ ਚੋਪੜਾ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।