ਜਲੰਧਰ : ਜਲੰਧਰ 'ਚ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਸ਼ੇ 'ਚ ਟੱਲੀ ਮਤਰੇਈ ਮਾਂ ਨੇ 11 ਸਾਲਾ ਮਾਸੂਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਨਸ਼ੇੜੀ ਮਤਰੇਈ ਮਾਂ ਧੀ ਨੂੰ ਆਪਣੀ ਸਕੂਟਰੀ 'ਤੇ ਬਿਠਾ ਕੇ ਜਲੰਧਰ-ਲੁਧਿਆਣਾ ਹਾਈਵੇ 'ਤੇ ਲੈ ਗਈ। ਜਿੱਥੇ ਉਸ ਨੇ 11 ਸਾਲਾ ਮਾਸੂਮ ਦੇ ਹੱਥ-ਪੈਰ ਬੰਨ ਕੇ ਉਸ ਦੇ ਸਿਰ 'ਤੇ ਕਈ ਵਾਰ ਡੰਡੇ ਮਾਰੇ। ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ। ਮਤਰੇਈ ਮਾਂ ਲੜਕੀ ਨੂੰ ਮ੍ਰਿਤਕ ਸਮਝ ਕੇ ਪੁਲ ਹੇਠਾਂ ਛੱਡ ਕੇ ਫਰਾਰ ਹੋ ਗਈ। 

ਕੁਝ ਸਮੇਂ ਬਾਅਦ ਇੱਕ ਰਾਹਗੀਰ ਪੁਲ ਦੇ ਉਪਰੋਂ ਲੰਘ ਰਿਹਾ ਸੀ। ਫਿਰ ਉਸ ਨੇ ਕੁੜੀ ਨੂੰ ਦੇਖਿਆ ਤਾਂ ਉਸ ਦੇ ਹੱਥ-ਪੈਰ ਬੰਨ੍ਹੇ ਪਏ ਸਨ ਪਰ ਕੁੜੀ ਦੇ ਸਾਹ ਚੱਲ ਰਹੇ ਸੀ। ਰਾਹਗੀਰ ਨੇ ਲੜਕੀ ਦੇ ਮੂੰਹ 'ਤੇ ਬੰਨੀ ਪੱਟੀ ਅਤੇ ਹੱਥ-ਪੈਰ ਖੋਲ੍ਹ ਕੇ ਉਸ ਨੂੰ ਪਾਣੀ ਪਿਲਾਇਆ, ਹੋਸ਼ 'ਚ ਆਉਣ 'ਤੇ ਲੜਕੀ ਨੇ ਰਾਹਗੀਰ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਰਾਹਗੀਰ ਨੇ ਥਾਣਾ ਕੈਂਟ ਦੀ ਪੁਲਿਸ ਨੂੰ ਸੂਚਨਾ ਦਿੱਤੀ। 


ਜਿਸ ਤੋਂ ਬਾਅਦ ਥਾਣਾ ਕੈਂਟ ਦੀ ਪੁਲੀਸ ਲੜਕੀ ਨੂੰ ਆਪਣੇ ਨਾਲ ਲੈ ਗਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਸ਼ੇੜੀ ਮਾਂ ਨੂੰ ਕਰੂਰਤਾ ਦਿਖਾਉਂਦੇ ਹੋਏ ਹਿਰਾਸਤ ਵਿੱਚ ਲੈ ਲਿਆ ਹੈ। ਲੜਕੀ ਦਾ ਪਿਤਾ ਵੀ ਨਸ਼ੇ ਦਾ ਆਦੀ ਸੀ, ਜੋ ਫਰਾਰ ਹੋ ਗਿਆ। ਲੜਕੀ ਦੀ ਮਾਂ ਨੇ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਨੂੰ ਤਲਾਕ ਦੇ ਦਿੱਤਾ ਸੀ ਪਰ ਉਹ ਬੱਚੀ ਨੂੰ ਆਪਣੇ ਨਾਲ ਨਹੀਂ ਲੈ ਕੇ ਗਈ ਸੀ, ਸਗੋਂ ਉਸ ਨੂੰ ਨਸ਼ੇੜੀ ਪਿਤਾ ਕੋਲ ਛੱਡ ਗਈ ਸੀ।

ਤਲਾਕ ਤੋਂ ਬਾਅਦ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਪਰ ਜਿਸ ਨਾਲ ਉਸ ਨੇ ਵਿਆਹ ਕਰਵਾਇਆ ਹੈ , ਉਹ ਵੀ ਨਸ਼ੇ ਦੀ ਆਦੀ ਹੈ। ਬੱਚੇ ਦੀ ਮਤਰੇਈ ਮਾਂ ਉਸ ਨੂੰ ਘਰ ਵਿੱਚ ਪਸੰਦ ਨਹੀਂ ਕਰਦੀ ਸੀ। ਉਹ ਅਕਸਰ ਉਸ ਨਾਲ ਕੁੱਟਮਾਰ ਕਰਦੀ ਸੀ। ਬੁੱਧਵਾਰ ਰਾਤ ਨੂੰ ਜਦੋਂ ਉਸ ਦਾ ਪਿਤਾ ਘਰ ਨਹੀਂ ਸੀ ਤਾਂ ਉਸ ਦੀ ਮਤਰੇਈ ਮਾਂ ਉਸ ਨੂੰ ਪਿਤਾ ਦੀ ਤਲਾਸ਼ ਦੇ ਬਹਾਨੇ ਐਕਟਿਵਾ 'ਤੇ ਲੈ ਗਈ।

ਉਹ ਉਸਨੂੰ ਚਹੇਦੂ ਪੁਲ ਹੇਠਾਂ ਲੈ ਗਈ। ਉਥੇ ਉਸ ਨੇ ਲੜਕੀ ਦੇ ਮੂੰਹ 'ਤੇ ਪੱਟੀ ਬੰਨ੍ਹ ਦਿੱਤੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਸਿਰ 'ਤੇ ਡੰਡੇ ਨਾਲ ਕਈ ਵਾਰ ਕੀਤੇ ਅਤੇ ਫ਼ਰਾਰ ਹੋ ਗਈ। ਲੜਕੀ ਅਰਧ-ਹੋਸ਼ ਵਿੱਚ ਸੀ। ਇੱਕ ਰਾਹਗੀਰ ਨੇ ਉਸਨੂੰ ਪਾਣੀ ਪਿਲਾਇਆ ਅਤੇ ਉਸਨੂੰ ਹੋਸ਼ ਵਿੱਚ ਲਿਆਂਦਾ। ਏਸੀਪੀ ਕੈਂਟ ਬਬਨਦੀਪ ਲੁਬਾਣਾ ਅਨੁਸਾਰ ਪੁਲੀਸ ਜਾਂਚ ਕਰ ਰਹੀ ਹੈ। ਲੜਕੀ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।