ਮੋਗਾ: ਨਸ਼ਿਆਂ ਦੇ ਆਦੀ ਨੌਜਵਾਨਾਂ ਦੇ ਇਲਾਜ ਲਈ ਹੁਣ ਪਿੰਡਾਂ ਦੇ ਲੋਕ ਖੁਦ ਅੱਗੇ ਆਉਣ ਲੱਗੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੇ ਵਾਸੀਆਂ ਨੇ ਪੱਲਿਓਂ ਪੈਸੇ ਖਰਚ ਕਰਕੇ ਪਿੰਡ ਵਿੱਚ ਹੀ 'ਨਸ਼ਾ ਛਡਾਊ ਕੇਂਦਰ' ਸਥਾਪਤ ਕੀਤਾ ਹੈ। ਇਸ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਰਣਸੀਂਹ ਕਲਾਂ ਦੇ ਲੋਕਾਂ ਵੱਲੋਂ ਅਜਿਹੇ ਕੇਂਦਰ ਇਲਾਕੇ ਦੇ ਹੋਰ ਪਿੰਡਾਂ 'ਚ ਵੀ ਖੋਲ੍ਹਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

ਪਿੰਡ ਦੇ ਲੋਕਾਂ ਵੱਲੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣੇ ਪੱਧਰ 'ਤੇ ਸ਼ੁਰੂ ਕੀਤੇ ਇਸ ਕੇਂਦਰ ਵਿੱਚ ਹੁਣ ਤੱਕ ਇਸ ਖੇਤਰ ਦੇ 25 ਨੌਜਵਾਨ ਨਸ਼ਾ ਛੱਡ ਚੁੱਕੇ ਹਨ ਤੇ 10 ਇਲਾਜ ਅਧੀਨ ਹਨ। ਇਸ ਕੇਂਦਰ ਵਿੱਚ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਤੇ ਖਾਣ-ਪੀਣ ਦਾ ਸਾਮਾਨ ਮੁਫ਼ਤ ਦਿੱਤਾ ਜਾਂਦਾ ਹੈ, ਉੱਥੇ ਮਾਹਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਨੋਵਿਗਿਆਨਕ ਤੌਰ 'ਤੇ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ।

ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਦੀ ਰਹਿਨੁਮਾਈ ਹੇਠ ਇਲਾਕੇ ਦੇ ਲੋਕਾਂ ਨੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਦੋ ਮੰਜ਼ਲਾਂ ਇਮਾਰਤ ਦਾ ਨਿਰਮਾਣ ਕਰਕੇ ਗਰੀਬ ਲੋਕਾਂ ਲਈ ਹਸਪਤਾਲ ਖੋਲ੍ਹਿਆ ਸੀ। ਹੁਣ ਜਦੋਂ ਪੂਰਾ ਪੰਜਾਬ ਨਸ਼ਿਆਂ ਦੀ ਮਾਰ ਹੇਠ ਆ ਗਿਆ ਹੈ ਤਾਂ ਪਿੰਡ ਦੇ ਲੋਕਾਂ ਨੇ ਕੁਝ ਮਹੀਨੇ ਪਹਿਲਾਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਇਸ ਹਸਪਤਾਲ ਨੂੰ 'ਨਸ਼ਾ ਛਡਾਊ ਕੇਂਦਰ' ਵਿੱਚ ਤਬਦੀਲ ਕਰਨ ਦਾ ਫੈਸਲਾ ਲਿਆ ਸੀ।

ਸਰਪੰਚ ਦਾ ਕਹਿਣਾ ਹੈ ਕਿ ਦਾਖ਼ਲ ਨੌਜਵਾਨਾਂ ਦੇ ਮੈਡੀਕਲ ਚੈਕਅਪ ਲਈ ਐਮਡੀ ਡਾਕਟਰ ਰੋਜ਼ਾਨਾ ਦੋ ਵਾਰ ਨਿਰੀਖਣ ਕਰਦੇ ਹਨ ਜਦੋਂਕਿ ਦਾਖ਼ਲ ਨੌਜਵਾਨਾਂ ਦੀ ਸੇਵਾ-ਸੰਭਾਲ ਲਈ ਪਿੰਡ ਦੇ ਨੌਜਵਾਨ ਸ਼ਿਫ਼ਟਾਂ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

ਇਸ ਕੇਂਦਰ 'ਚ ਦਾਖ਼ਲ ਨੌਜਵਾਨਾਂ ਨੇ ਕਿਹਾ ਕਿ ਉਹ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਆਮ ਵਰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਮਿਲ ਰਿਹਾ ਹੈ ਤੇ ਗਰੀਬ ਹੋਣ ਕਾਰਨ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਸਨ। ਇਸ ਕੇਂਦਰ ਵਿੱਚ ਦਵਾਈਆਂ ਤੇ ਖੁਰਾਕ ਮੁਫ਼ਤ ਹੋਣ ਕਾਰਨ ਉਹ ਪੂਰੀ ਤਰ੍ਹਾਂ ਨਾਲ ਖੁਸ਼ ਹਨ।

ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਦੀ ਮੁਫ਼ਤ ਸੇਵਾ ਕਰਨ ਵਾਲੇ ਐਮਡੀ ਡਾ. ਇਕਬਾਲ ਸਿੰਘ ਜੌੜਾ ਨੇ ਦੱਸਿਆ ਕਿ ਉਹ ਆਪਣੀ ਸਰਕਾਰੀ ਡਿਊਟੀ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੀ ਦੇਖ-ਭਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਤੇ ਨੌਜਵਾਨਾਂ ਨੂੰ ਬਚਾਉਣ ਲਈ ਉਹ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ।