Punjab Police: ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਉਸ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਸ ਸਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਮੁਲਜ਼ਮ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਹ ਉਨ੍ਹਾਂ ਦੇ ਡਰੱਗ ਨੈਟਵਰਕ ਦੀ ਬਾਹਰੋਂ ਮਦਦ ਕਰਦਾ ਸੀ। ਉਹ ਗੈਰ-ਕਾਨੂੰਨੀ ਦਵਾਈਆਂ ਅਤੇ ਮੈਡੀਕਲ ਸਟੋਰਾਂ ਨਾਲ ਸਬੰਧਤ ਨਸ਼ਾ ਤਸਕਰੀ ਵਿੱਚ ਮਦਦ ਕਰ ਰਿਹਾ ਸੀ।
24 ਬੈਂਕ ਖਾਤਿਆਂ ‘ਚੋਂ ਮਿਲੇ 7.09 ਕਰੋੜ
ਇਸ ਮਾਮਲੇ ਦੀ ਜਾਂਚ 'ਚ ANTF ਨੇ ਦੋਸ਼ੀ ਦੇ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ। ਜਿਸ ਵਿੱਚ 7.09 ਕਰੋੜ ਰੁਪਏ ਪਾਏ ਗਏ ਹਨ। ਸਾਰੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਹਨ। ANTF ਨੇ ਉਸ ਕੋਲੋਂ 1.49 ਕਰੋੜ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ।
ਜ਼ੀਰਕਪੁਰ ਤੇ ਡੱਬਵਾਲੀ ਵਿੱਚ ਬਣਾਈਆਂ ਜਾਇਦਾਦਾਂ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਗ਼ੈਰਕਾਨੂੰਨੀ ਢੰਗ ਨਾਲ ਕਾਫ਼ੀ ਦੌਲਤ ਇਕੱਠੀ ਕੀਤੀ ਹੈ। ਉਸ ਨੇ ਜ਼ੀਰਕਪੁਰ ਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀ ਅਚੱਲ ਜਾਇਦਾਦ ਬਣਾਈ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਹੁਣ ਉਸ ਦੇ ਹੋਰ ਸਾਥੀਆਂ ਦੀ ਸ਼ਨਾਖ਼ਤ ਕਰਨ 'ਚ ਜੁਟੀਆਂ ਹੋਈਆਂ ਹਨ।
ਮਿੱਤਲ ਕਰੀਬ ਇੱਕ ਮਹੀਨੇ ਤੋਂ ਪੁਲਿਸ ਤੋਂ ਭਗੌੜਾ ਸੀ। ਪੁਲਿਸ ਵੱਲੋਂ ਇੱਕ ਮਹੀਨਾ ਪਹਿਲਾਂ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਬਠਿੰਡਾ, ਮੋਹਾਲੀ, ਗਿੱਦੜਬਾਹਾ, ਜ਼ੀਰਕਪੁਰ ਤੇ ਫਤਿਹਾਬਾਦ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ। ਇਸ ਤੋਂ ਬਾਅਦ ਬੈਂਕ ਖਾਤਿਆਂ ਅਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਗਈ।