ਚੰਡੀਗੜ੍ਹ: ਪੰਜਾਬ ਵਿੱਚ ਨਸ਼ਾ ਤਸਕਰੀ ਦਾ ਸਰੂਪ ਹੁਣ ਪਹਿਲਾਂ ਨਾਲੋਂ ਕਾਫ਼ੀ ਬਦਲ ਚੁੱਕਾ ਹੈ। ਇੱਕ ਸਮੇਂ ਗਲੀ-ਮੁਹੱਲਿਆਂ ਦੇ ਛੋਟੇ ਪੈਡਲਰਾਂ ਤੱਕ ਸੀਮਤ ਦਿਖਾਈ ਦੇਣ ਵਾਲਾ ਇਹ ਧੰਦਾ ਹੁਣ ਡਰੋਨ, ਡਿਜੀਟਲ ਤਕਨਾਲੋਜੀ, ਫੰਡਿੰਗ ਨੈੱਟਵਰਕ ਅਤੇ ਬਹੁ-ਪੱਧਰੀ ਸਪਲਾਈ ਚੇਨ ਨਾਲ ਜੁੜੇ ਸੰਗਠਿਤ ਅਪਰਾਧ ਦਾ ਰੂਪ ਧਾਰ ਚੁੱਕਾ ਹੈ। ਸਰਹੱਦ ਪਾਰੋਂ ਡਰੋਨਾਂ ਰਾਹੀਂ ਹੈਰੋਇਨ ਅਤੇ ਹਥਿਆਰ ਭੇਜੇ ਜਾ ਰਹੇ ਹਨ, ਜਦਕਿ ਡਿਜੀਟਲ ਮਾਧਿਅਮਾਂ ਰਾਹੀਂ ਪੂਰੇ ਨੈੱਟਵਰਕ ਨੂੰ ਚਲਾਇਆ ਜਾ ਰਿਹਾ ਹੈ।

Continues below advertisement

ਪੰਜਾਬ ਪੁਲਿਸ, ਬਾਰਡਰ ਸਕਿਓਰਿਟੀ ਫੋਰਸ (BSF), ਨਾਰਕੋਟਿਕਸ ਕੰਟਰੋਲ ਬਿਊਰੋ (NCB), ਐਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਡਰੱਗ ਕੰਟਰੋਲ ਵਿਭਾਗ ਦੀਆਂ ਜਾਂਚਾਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਨਸ਼ਾ ਤਸਕਰੀ ਹੁਣ ਸਿਰਫ਼ ਸਰਹੱਦ ਤੋਂ ਖੇਪ ਲਿਆਉਣ ਜਾਂ ਸੜਕਾਂ 'ਤੇ ਵੇਚਣ ਤੱਕ ਸੀਮਤ ਨਹੀਂ ਰਹੀ। ਇਹ ਗੈਰ-ਕਾਨੂੰਨੀ ਕਾਰੋਬਾਰ ਹੁਣ ਫਾਰਮਾ ਸਪਲਾਈ ਚੇਨ, ਟਰਾਂਸਪੋਰਟ, ਬੈਂਕਿੰਗ ਅਤੇ ਵਿੱਤੀ ਲੈਣ-ਦੇਣ ਤੱਕ ਫੈਲ ਗਿਆ ਹੈ।

ਰਣਨੀਤੀ ਬਦਲ ਰਹੀਆਂ ਜਾਂਚ ਏਜੰਸੀਆਂ

ਹਜ਼ਾਰਾਂ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਨਸ਼ੇ ਦੀ ਉਪਲਬਧਤਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ। ਇਸ ਕਾਰਨ ਜਾਂਚ ਏਜੰਸੀਆਂ ਨੇ ਆਪਣਾ ਫੋਕਸ ਬਦਲ ਦਿੱਤਾ ਹੈ। ਹੁਣ ਸਿਰਫ਼ ਤਸਕਰਾਂ ਨੂੰ ਫੜਨ ਦੀ ਬਜਾਏ ਪੂਰੇ ਨੈੱਟਵਰਕ, ਫੰਡਿੰਗ, ਮਨੀ ਟ੍ਰੇਲ, ਡਿਜੀਟਲ ਸੰਪਰਕ ਅਤੇ ਜਾਇਦਾਦਾਂ ਦੀ ਜਾਂਚ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Continues below advertisement

ਨਸ਼ੇ ਦੀ ਚੁਣੌਤੀ ਅਜੇ ਵੀ ਗੰਭੀਰ

ਸਰਕਾਰੀ ਅੰਕੜਿਆਂ ਅਨੁਸਾਰ ਸਾਲ 2024 ਦੌਰਾਨ ਪੰਜਾਬ ਵਿੱਚ ਡਰੱਗ ਓਵਰਡੋਜ਼ ਕਾਰਨ 106 ਮੌਤਾਂ ਦਰਜ ਹੋਈਆਂ। AIIMS ਦੇ ਸਹਿਯੋਗ ਨਾਲ ਹੋਏ ਸਰਵੇਖਣ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸ਼ਰਾਬ, ਕੈਨਾਬਿਸ, ਓਪੀਓਇਡਜ਼ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਾਹਮਣੇ ਆਈ ਹੈ, ਜੋ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।

ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ

ਜਾਂਚ ਏਜੰਸੀਆਂ ਮੁਤਾਬਕ ਸਰਹੱਦ ਪਾਰ ਬੈਠੇ ਤਸਕਰ ਹੁਣ ਸਰਹੱਦੀ ਇਲਾਕਿਆਂ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਆਪਣੇ ਨੈੱਟਵਰਕ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੂੰ ਛੋਟੇ ਕੰਮਾਂ ਲਈ ਪੈਸੇ ਦਿੱਤੇ ਜਾਂਦੇ ਹਨ ਅਤੇ ਬਾਅਦ ਵਿੱਚ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਚੁੱਕ ਕੇ ਨਿਰਧਾਰਤ ਥਾਂ ਤੱਕ ਪਹੁੰਚਾਉਣ ਦਾ ਕੰਮ ਸੌਂਪਿਆ ਜਾਂਦਾ ਹੈ। ਇਸ ਲਈ ਵਟਸਐਪ ਕਾਲਾਂ ਅਤੇ ਲੋਕੇਸ਼ਨ ਸ਼ੇਅਰਿੰਗ ਦੀ ਵਰਤੋਂ ਕੀਤੀ ਜਾਂਦੀ ਹੈ।

ਡਰੋਨ ਅਤੇ 'ਡੈੱਡ ਡ੍ਰੌਪ' ਤਕਨੀਕ ਨਾਲ ਤਸਕਰੀ

ਸੁਰੱਖਿਆ ਏਜੰਸੀਆਂ ਅਨੁਸਾਰ ਤਸਕਰ GPS ਆਧਾਰਿਤ ਡਰੋਨਾਂ ਰਾਹੀਂ ਰਾਤ ਸਮੇਂ ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰ ਭੇਜਦੇ ਹਨ। ਖੇਤਾਂ ਜਾਂ ਤਾਰਬੰਦੀ ਨੇੜੇ ਸੁੱਟੇ ਪੈਕਟਾਂ ਨੂੰ ਸਥਾਨਕ ਮਾਡਿਊਲ 'ਡੈੱਡ ਡ੍ਰੌਪ' ਤਰੀਕੇ ਨਾਲ ਚੁੱਕ ਕੇ ਅੱਗੇ ਪਹੁੰਚਾਉਂਦੇ ਹਨ। ਬਾਅਦ ਵਿੱਚ ਇਹ ਖੇਪ ਵੱਖ-ਵੱਖ ਰਾਜਾਂ ਤੱਕ ਭੇਜੀ ਜਾਂਦੀ ਹੈ।

2026 ਵਿੱਚ ਵੱਡੀਆਂ ਬਰਾਮਦਗੀਆਂ

31 ਜੁਲਾਈ 2026 ਤੱਕ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ BSF ਅਤੇ ਪੰਜਾਬ ਪੁਲਿਸ ਨੇ 60 ਤੋਂ ਵੱਧ ਡਰੋਨ ਬਰਾਮਦ ਜਾਂ ਨਸ਼ਟ ਕੀਤੇ। ਇਸ ਦੌਰਾਨ 260 ਕਿਲੋ ਤੋਂ ਵੱਧ ਹੈਰੋਇਨ, ICE, ਅਫ਼ੀਮ, ਚਰਸ, ਗਾਂਜਾ, ਨਸ਼ੀਲੀਆਂ ਗੋਲੀਆਂ, 250 ਤੋਂ ਵੱਧ ਪਿਸਤੌਲਾਂ, AK-47, ਹੋਰ ਰਾਈਫ਼ਲਾਂ, ਸੈਂਕੜੇ ਕਾਰਤੂਸ ਅਤੇ ਹੈਂਡ ਗ੍ਰੇਨੇਡ ਵੀ ਜ਼ਬਤ ਕੀਤੇ ਗਏ।

ਤਸਕਰ ਲਗਾਤਾਰ ਕਿਉਂ ਬਦਲ ਰਹੇ ਹਨ ਤਰੀਕੇ?

ਸੁਰੱਖਿਆ ਏਜੰਸੀਆਂ ਦੀ ਸਖ਼ਤੀ ਕਾਰਨ ਤਸਕਰਾਂ ਨੇ ਆਪਣਾ ਪੁਰਾਣਾ ਮਾਡਲ ਬਦਲ ਦਿੱਤਾ ਹੈ। ਹੁਣ ਉਹ ਸਪਲਾਈ ਚੇਨ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਕੰਮ ਕਰਦੇ ਹਨ। ਡਿਜੀਟਲ ਭੁਗਤਾਨ, ਐਨਕ੍ਰਿਪਟਡ ਮੈਸੇਜਿੰਗ ਐਪਸ ਅਤੇ ਇੰਟਰਨੈੱਟ ਕਾਲਿੰਗ ਰਾਹੀਂ ਆਪਣੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸਭ ਤੋਂ ਵੱਡੀ ਚੁਣੌਤੀ ਪੂਰਾ ਨੈੱਟਵਰਕ ਤੋੜਨਾ

ਮਾਹਰਾਂ ਦਾ ਮੰਨਣਾ ਹੈ ਕਿ ਨਸ਼ਾ ਤਸਕਰੀ 'ਤੇ ਪ੍ਰਭਾਵਸ਼ਾਲੀ ਰੋਕ ਉਦੋਂ ਹੀ ਲੱਗ ਸਕਦੀ ਹੈ, ਜਦੋਂ ਡਰੋਨ ਨੈੱਟਵਰਕ, ਮਨੀ ਟ੍ਰੇਲ, ਡਿਜੀਟਲ ਸੰਪਰਕ, ਸਪਲਾਈ ਚੇਨ ਅਤੇ ਵਿੱਤੀ ਤੰਤਰ 'ਤੇ ਇੱਕੋ ਸਮੇਂ ਕਾਰਵਾਈ ਕੀਤੀ ਜਾਵੇ। ਪੁਲਿਸ, BSF, NCB, ED ਅਤੇ ਡਰੱਗ ਕੰਟਰੋਲ ਵਿਭਾਗ ਵਿਚਾਲੇ ਬਿਹਤਰ ਤਾਲਮੇਲ ਅਤੇ ਸਰਹੱਦੀ ਖੇਤਰਾਂ ਵਿੱਚ ਜਾਗਰੂਕਤਾ ਵੀ ਇਸ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਏਗੀ।

ਪੰਜਾਬ ਦੀ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਕਾਰਨ ਤਸਕਰ ਲਗਾਤਾਰ ਨਵੇਂ ਤਰੀਕੇ ਅਪਣਾ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸਿਰਫ਼ ਛੋਟੇ ਪੈਡਲਰਾਂ ਨਹੀਂ, ਸਗੋਂ ਪੂਰੇ ਨਸ਼ਾ ਨੈੱਟਵਰਕ ਅਤੇ ਇਸ ਦੇ ਵੱਡੇ ਸਰਗਣਿਆਂ 'ਤੇ ਸਖ਼ਤ ਕਾਰਵਾਈ ਹੀ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕਦੀ ਹੈ।