ਪਟਿਆਲਾ: ਇਕਲੌਤਾ ਬੇਟਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਡੀਐਸਪੀ ਬਲਜਿੰਦਰ ਸਿੰਘ ਸੰਧੂ ਦੀ ਮੌਤ ਦੀ ਖ਼ਬਰ ਮਿਲ ਗਈ। ਉਸ ਦੀ ਖੁਸ਼ੀ ਪਲਾਂ ਵਿੱਚ ਹੀ ਸਾਰੀ ਉਮਰ ਦੇ ਗਮ ਵਿੱਚ ਬਦਲ ਗਈ। ਡੀਐਸਪੀ ਸੰਧੂ ਨੇ 29 ਜਨਵਰੀ ਨੂੰ ਯੂਨੀਵਰਸਿਟੀ ਕਾਲਜ ਜੈਤੋ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਸ ਤੋਂ ਅਗਲੇ ਦਿਨ 30 ਜਨਵਰੀ ਨੂੰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ ਦਿਨ ਸੀ।

  ਅੱਜ ਪਟਿਆਲਾ ਵਿਖੇ ਸੰਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨੇ ਬਲਜਿੰਦਰ ਸਿੰਘ ਨੂੰ ਆਖਰੀ ਸਲਾਮੀ ਦਿੱਤੀ। ਉਹ ਸੰਧੂ ਦੀ ਅੰਤਿਮ ਵਿਦਾਇਗੀ ਦੀ ਰਸਮ ਵਿੱਚ ਪੁੱਜੇ ਸੀ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਮਗਰੋਂ ਉਹ ਫਰੀਦਕੋਟ ਰਵਾਨਾ ਹੋ ਗਏ ਜਿਥੇ ਉਹ ਮਾਰੇ ਗਏ ਗੰਨਮੈਨ ਦੇ ਪਰਿਵਾਰ ਨੂੰ ਮਿਲਣਗੇ। ਡੀਜੀਪੀ ਨੇ ਕਿਹਾ ਕਿ ਸੰਧੂ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਹ ਖੁਦ ਇਸ ਪਰਿਵਾਰ ਦਾ ਖਿਆਲ ਰੱਖਣਗੇ। ਸੁਰੇਸ਼ ਅਰੋੜਾ ਵੱਲੋਂ ਹੋਰ ਕਿਸੇ ਮਾਮਲੇ 'ਤੇ ਗੱਲ ਕਰਨ ਤੋਂ ਸਾਫ ਮਨਾ ਕਰ ਦਿੱਤਾ। ਕਾਲਜ ਵਿੱਚ ਵਿਦਿਆਰਥੀਆਂ ਦੇ ਧਰਨੇ ਮੌਕੇ ਇੱਕ ਧਿਰ ਨੇ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ‘ਤੇ ਦੂਜੀ ਧਿਰ ਦਾ ਪੱਖ ਲੈਣ ਦੇ ਇਲਜ਼ਾਮ ਲਾਏ ਸੀ। ਉਹ ਇਸ ਗੱਲ ਨੂੰ ਦਿਲ ‘ਤੇ ਲਾ ਗਏ ਤੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।