ਚੰਡੀਗੜ੍ਹ: ਪਾਟੋਧਾੜ ਹੋਈ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਕਾਰਨ ਭਲਕੇ ਤੋਂ ਸ਼ੁਰੂ ਹੋਣ ਵਾਲਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਕਾਂਗਰਸ ਲਈ ਕਾਫੀ 'ਸੁਖਨਮਈ' ਹੋਣ ਵਾਲਾ ਹੈ। ਵੈਸੇ ਵੀ ਤਿੰਨ ਦਿਨਾ ਇਜਲਾਸ ਦਾ ਪਹਿਲਾ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਿੱਚ ਗੁਜ਼ਰ ਜਾਵੇਗਾ ਤੇ ਸ਼ਨੀਵਾਰ ਨੂੰ ਸਵੇਰ ਦੀ ਸਭਾ ਤੋਂ ਬਾਅਦ ਅਣਮਿੱਥੇ ਲਈ ਸਦਨ ਉਠਾ ਦਿੱਤਾ ਜਾਵੇਗਾ। ਇਸ ਲਈ ਸਿਰਫ਼ ਸ਼ੁੱਕਰਵਾਰ ਦੇ ਦਿਨ ਹੀ ਵਿਧਾਨ ਸਭਾ ਦੀ ਪੂਰੀ ਕਾਰਵਾਈ ਚੱਲੇਗੀ।


ਦੋਵੇਂ ਪਾਰਟੀਆਂ ਸਰਕਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ, ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਤੇ ਖਾਲੀ ਖਜ਼ਾਨੇ ਜਿਹੇ ਮੁੱਦਿਆਂ 'ਤੇ ਘੇਰ ਸਕਦੀਆਂ ਸਨ ਪਰ ਜੋ ਤਿੱਖੀ ਬਹਿਰ ਪਿਛਲੇ ਦੋ ਇਜਲਾਸਾਂ ਵਿੱਚ ਹੋਈ ਸੀ, ਇਸ ਵਾਰ ਉਵੇਂ ਦੀ ਬਹਿਸ ਨਾ ਹੋਣ ਦੇ ਆਸਾਰ ਹਨ।

ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਅੱਧੇ ਵਿਧਾਇਕ ਗ਼ੈਰ-ਹਾਜ਼ਰ ਰਹਿਣਗੇ, ਕਿਉਂਕਿ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਇਨਸਾਫ਼ ਮਾਰਚ ਕੱਢ ਰਹੇ ਹਨ।

ਇਸ ਵਾਰ ਵਿਧਾਨ ਸਭਾ ਵਿੱਚ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਵਾਟਰ ਰਿਸੋਰਸਿਜ਼ (ਮੈਨੇਜਮੈਂਟ ਐਂਡ ਰੈਗੂਲੇਸ਼ਨ) ਬਿੱਲ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਨੂੰ ਪਿਛਲੀ ਕੈਬਨਿਟ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਸੀ ਤੇ ਹੁਣ ਸਦਨ ਵਿੱਚ ਰੱਖਿਆ ਜਾਵੇਗਾ। ਕੈਬਨਿਟ ਮੀਟਿੰਗ ਦੇ ਹੋਰ ਫੈਸਲੇ ਜਿਵੇਂ ਲੋਕ ਸਭਾ ਤੇ ਰਾਜ ਸਭਾ ਤੋਂ ਪਾਸ ਹੋਏ ਜੀਐਸਟੀ ਬਿਲ ਵਿੱਚ ਸੋਧਾਂ ਨੂੰ ਲਾਗੂ ਕਰਨਾ ਆਦਿ ਵੀ ਸ਼ਾਮਲ ਰਹੇਗਾ।