ਮੋਗਾ: ਜ਼ਿਲ੍ਹੇ ਦੇ ਪਿੰਡ ਲੰਡੇ ਕੇ ਵਿੱਚ ਅੱਜ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਕਲੀ ਦੁੱਧ ਤਿਆਰ ਕਰਨ ਵਾਲਾ ਸਾਮਾਨ ਕਾਬੂ ਕੀਤਾ ਹੈ। ਬਰਾਮਦ ਕੀਤੀ ਸਮੱਗਰੀ ਨਾਲ ਕਈ ਕੁਇੰਟਲ ਨਕਲੀ ਦੁੱਧ ਬਣਾਇਆ ਜਾ ਸਕਦਾ ਸੀ।
ਗੁਦਾਮ ਅੰਦਰੋਂ ਸਿਹਤ ਵਿਭਾਗ ਨੂੰ 6 ਟੀਨ ਰਿਫਾਇੰਡ ਤੇਲ, ਕਈ ਕੈਨੀਆ ਤੇਜ਼ਾਬ, ਕਰੀਬ 71 ਬੈਗ ਮਾਲਟੋ ਡੇਕਸਾਟਰੀਨ ਪਾਊਡਰ 50 ਬੈਗ ਗੁਲੂਕੋਜ਼ ਤੇ ਹੋਰ ਸਮੱਗਰੀ ਬਰਾਮਦ ਹੋਈ ਹੈ। ਵਿਭਾਗ ਨੇ ਇਹ ਸਾਰਾ ਸਾਮਾਨ ਸੀਲ ਕਰ ਦਿੱਤਾ ਹੈ।
ਸਿਹਤ ਵਿਭਾਗ ਦੀ ਫੂਡ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਨਕਲੀ ਦੁੱਧ ਬਣਾਉਣ ਦੇ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ ਜੋ ਕਾਫ਼ੀ ਨੁਕਸਾਨਦਾਇਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਸਮਾਨ ਦੇ ਸੈਂਪਲ ਵੀ ਲਏ ਗਏ ਹਨ ਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਰਵਾਈ ਕੀਤੀ ਜਾਵੇਗੀ।
ਵਿਭਾਗ ਨੇ ਇਹ ਕਰਵਾਈ ਮੋਗਾ ਪੁਲਿਸ ਅਤੇ ਤਹਸੀਲਦਾਰ ਨੂੰ ਨਾਲ ਲੈ ਕੇ ਕੀਤੀ। ਵਿਭਾਗ ਵੱਲੋਂ ਗੁਦਾਮ ਦੇ ਮਾਲਿਕ ਨੂੰ ਮੌਕੇ 'ਤੇ ਬੁਲਾਇਆ ਗਿਆ ਪਰ ਮਾਲਿਕ ਦੀ ਥਾਂ ਉਸਦਾ ਭਰਾ ਆਇਆ। ਉਸ ਨੇ ਵੀ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਇਹ ਗੁਦਾਮ ਉਨ੍ਹਾਂ ਦਾ ਹੈ। ਸਿਹਤ ਵਿਭਾਗ ਨੇ ਤਹਿਸੀਲਦਾਰ ਨੂੰ ਬੁਲਾਇਆ ਤਾਂ ਤਹਿਸੀਲਦਾਰ ਨੇ ਪੁਲਿਸ ਨੂੰ ਲੈ ਕੇ ਗੁਦਾਮ ਦਾ ਤਾਲਾ ਤੋੜ ਦਿੱਤਾ।