Punjab Government: ਪੰਜਾਬ ਵਿੱਚ ਕਰਾਰੀ ਹਾਰ ਝੱਲ ਰਹੀ ਕਾਂਗਰਸ ਅੱਜ ਤੋਂ ਮੰਥਨ ਸ਼ੁਰੂ ਕਰੇਗੀ। ਸਭ ਤੋਂ ਵੱਧ 69 ਸੀਟਾਂ ਨਾਲ ਇਸ ਦੀ ਸ਼ੁਰੂਆਤ ਮਾਲਵਾ ਖੇਤਰ ਤੋਂ ਕੀਤੀ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਾਰੀਆਂ ਸੀਟਾਂ ਤੋਂ ਉਮੀਦਵਾਰਾਂ ਨੂੰ ਚੰਡੀਗੜ੍ਹ ਬੁਲਾ ਲਿਆ ਹੈ। ਚੌਧਰੀ ਸਾਰਿਆਂ ਨਾਲ ਵਨ-ਟੂ-ਵਨ ਮੀਟਿੰਗ ਕਰਨਗੇ। ਪਿਛਲੀ ਵਾਰ 77 ਸੀਟਾਂ ਦੇ ਮੁਕਾਬਲੇ ਕਾਂਗਰਸ ਸਿਰਫ਼ 18 ਸੀਟਾਂ ਹੀ ਜਿੱਤ ਸਕੀ।



ਖਾਸ ਗੱਲ ਇਹ ਹੈ ਕਿ ਇਸ ਬ੍ਰੇਨਸਟਾਰਮਿੰਗ 'ਚ ਕਾਂਗਰਸ ਦੇ ਸੀਐਮ ਚਿਹਰਾ ਰਹੇ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਬਾਹਰ ਰੱਖਿਆ ਗਿਆ ਹੈ। ਉਮੀਦਵਾਰਾਂ ਨੇ ਉਨ੍ਹਾਂ ਅੱਗੇ ਕਿਸੇ ਵੀ ਤਰ੍ਹਾਂ ਦੀ ਗੱਲ ਰੱਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਕੱਲ੍ਹ ਚੌਧਰੀ ਦੋਆਬਾ ਤੇ ਮਾਝਾ ਜ਼ੋਨ ਦੇ ਉਮੀਦਵਾਰਾਂ ਨੂੰ ਮਿਲਣਗੇ।

ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ 'ਚ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਖਿਲਾਫ ਆਵਾਜ਼ਾਂ ਉੱਠ ਰਹੀਆਂ ਹਨ। ਕਾਂਗਰਸ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਹਾਰ ਲਈ ਚੰਨੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਚੰਨੀ ਦੀ 'ਭਈਆ' ਟਿੱਪਣੀ ਤੋਂ ਬਾਅਦ 30,000 ਪ੍ਰਵਾਸੀ ਵੋਟਰਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਚੰਨੀ 'ਤੇ ਹਮਲੇ ਕਰ ਰਹੇ ਹਨ। ਜਾਖੜ ਨੇ ਚੰਨੀ ਨੂੰ ਕਾਂਗਰਸ ਲਈ ਬੋਝ ਵੀ ਦੱਸਿਆ ਹੈ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਹਾਰ ਲਈ ਆਪਣੀ ਬਿਆਨਬਾਜ਼ੀ ਲਈ ਸਿੱਧੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਨਵਜੋਤ ਸਿੱਧੂ ਨੇ ਹਾਰ ਦੀ ਜ਼ਿੰਮੇਵਾਰੀ ਚਰਨਜੀਤ ਚੰਨੀ 'ਤੇ ਲਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਚੰਨੀ ਦੀ ਅਗਵਾਈ ਹੇਠ ਚੋਣ ਲੜੀ ਗਈ ਤਾਂ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ। ਇਹ ਗੱਲ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਸਨ। ਸੂਤਰਾਂ ਦੀ ਮੰਨੀਏ ਤਾਂ ਜਦੋਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਸੀ ਤਾਂ ਸਿੱਧੂ ਨੇ ਚੋਣਾਂ 'ਚ ਜਿੱਤ-ਹਾਰ ਦੇ ਨਤੀਜਿਆਂ ਤੋਂ ਕਿਨਾਰਾ ਕਰ ਲਿਆ ਸੀ।