Punjab News: ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ ਨੂੰ ਲੋਕਾਂ ਨੂੰ ਸਮਰਪਿਤ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਸਭ ਤੋਂ ਮੁੱਖ ਤਰਜੀਹ ਲੋਕਾਂ ਅਤੇ ਸੂਬੇ ਦੀ ਸੇਵਾ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਸਿਆਸਤ ਵਿੱਚ ਨੈਤਿਕਤਾ ਦੇ ਹਮਾਇਤੀ ਹਨ ਅਤੇ ਲੋਕਾਂ ਦਾ ਇਕ ਵੀ ਪੈਸਾ ਲੈਣਾ, ਉਨ੍ਹਾਂ ਲਈ ਜ਼ਹਿਰ ਖਾਣ ਦੇ ਬਰਾਬਰ ਹੈ। ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਇਮਾਨਦਾਰੀ, ਪਾਰਦਰਸ਼ੀ ਅਤੇ ਸੰਵੇਦਨਸ਼ੀਲ ਹੈ।


ਸਿਆਸੀ ਪਾਰਟੀਆਂ ਉਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾੜੇ ਕੰਮਾਂ ਕਾਰਨ ਲੋਕਾਂ ਨੇ ਹੁਣ ਇਨ੍ਹਾਂ ਨੂੰ ਜੱਫੀਆਂ ਪਾਉਣੀਆਂ ਬੰਦ ਕਰ ਦਿੱਤੀਆਂ ਹਨ। ਇਸ ਲਈ ਹੁਣ ਉਹ ਆਪਣੇ ਵਿਚਾਰਧਾਰਕ ਬੰਧੇਜਾਂ ਨੂੰ ਤਿਆਗ ਕੇ ਆਪਸ ਵਿੱਚ ਗਲਵੱਕੜੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸ਼ਰਮ ਲੋਕਾਂ ਨੇ ਸੂਬੇ ਦੇ ਅਸਾਸਿਆਂ ਨੂੰ ਬੇਰਹਿਮੀ ਨਾਲ ਲੁੱਟਿਆ, ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੇ ਪਾਪਾਂ ਲਈ ਜਵਾਬਦੇਹ ਬਣਾਇਆ ਜਾਵੇਗਾ ਅਤੇ ਲੋਕਾਂ ਦਾ ਲੁੱਟਿਆ ਇਕ-ਇੱਕ ਪੈਸਾ ਵਾਪਸ ਕਰਵਾਇਆ ਜਾਵੇਗਾ।


ਪਿਛਲੀਆਂ ਸੂਬਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਭ੍ਰਿਸ਼ਟ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸਤਦਾਨਾਂ ਨੇ ਸਰਕਾਰੀ ਸੰਸਥਾਵਾਂ ਦਾ ਘਾਣ ਕਰ ਕੇ ਸਿਹਤ, ਸਿੱਖਿਆ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਅਜ਼ਾਰੇਦਾਰੀ ਕਾਇਮ ਕਰ ਲਈ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਇੰਨੇ ਲਾਲਚੀ ਸਨ ਕਿ ਇਨ੍ਹਾਂ ਵੱਧ ਭੀੜ ਖਿੱਚਣ ਵਾਲੀਆਂ ਰੇਹੜੀਆਂ ਤੇ ਫੜ੍ਹੀ ਵਾਲਿਆਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਇਨ੍ਹਾਂ ਵਿੱਚ ਵੀ ਹਿੱਸੇਦਾਰੀ ਪਾਉਣ ਦੀ ਕੋਸ਼ਿਸ਼ ਕੀਤੀ।


ਮੁੱਖ ਮੰਤਰੀ ਨੇ ਦੁਹਰਾਇਆ ਕਿ ਸਾਡੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਸੂਬੇ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਸਬੰਧ ਪੰਜਾਬ ਨਾਲ ਹੈ ਅਤੇ ਕਿਸੇ ਵੀ ਸੂਬੇ ਨੂੰ ਇਸ ਦੇ ਮੂਲ ਢਾਂਚੇ ਵਿੱਚ ਤਬਦੀਲੀ ਕਰ ਕੇ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਇਸ ਯੂਨੀਵਰਸਿਟੀ ਦਾ ਦਰਜਾ ਬਦਲ ਕੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਲਈ ਐਨ.ਓ.ਸੀ. ਦਿੱਤੀ ਸੀ, ਜਦੋਂ ਕਿ ਸਾਡੀ ਸਰਕਾਰ ਅਜਿਹੇ ਕਿਸੇ ਵੀ ਪੰਜਾਬ ਵਿਰੋਧੀ ਫੈਸਲੇ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਕਰੇਗੀ।