ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੇਸ਼ 'ਚ ਫੈਲੀ ਆਰਥਿਕ ਮੰਦੀ ਦਾ ਮੁੱਦਾ ਉਠਾਇਆ। ਪ੍ਰਸ਼ਨ ਕਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਦੇਸ਼ ਦੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਕਿ ਦੇਸ਼ ਆਰਥਿਕ ਮੰਦੀ ਦੀ ਚਪੇਟ 'ਚ ਹੈ ਜਾਂ ਨਹੀਂ?


ਭਗਵੰਤ ਮਾਨ ਨੇ ਕਿਹਾ ਕਿ ਹਕੀਕਤ 'ਚ ਦੇਸ਼ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਪਰ ਕੇਂਦਰ ਸਰਕਾਰ ਇਸ ਹਕੀਕਤ ਨੂੰ ਮੰਨਣ ਤੋਂ ਮੁਨਕਰ ਹੈ। ਇਸ ਕਰਕੇ ਅੱਜ ਉਨ੍ਹਾਂ ਸਦਨ 'ਚ ਸਰਕਾਰ ਨੂੰ ਸਵਾਲ ਕੀਤਾ ਹੈ, ਤਾਂ ਕਿ ਉਹ ਹਕੀਕਤ ਨੂੰ ਮੰਨ ਲੈਣ।

ਇਸ ਤੋਂ ਇਲਾਵਾ ਭਗਵੰਤ ਮਾਨ ਨੇ ਚੰਗਾਲੀਵਾਲਾ ਕਾਂਡ ਦਾ ਮੁੱਦਾ ਵੀ ਪਾਰਲੀਮੈਂਟ 'ਚ ਉਠਾਇਆ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਪਲਾਸ ਨਾਲ ਨੋਚ ਕੇ ਉੱਤੇ ਤੇਜ਼ਾਬ ਛਿੜਕਿਆ ਗਿਆ ਤੇ ਪਾਣੀ ਮੰਗਣ 'ਤੇ ਪਿਸ਼ਾਬ ਪਿਲਾਇਆ ਗਿਆ, ਪਰ ਦੁੱਖ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੁੱਟੀਆਂ ਮਨਾਉਣ ਤੇ ਸ਼ਿਕਾਰ ਖੇਡਣ ਵਿਦੇਸ਼ ਗਏ ਹਨ।