Moga News: ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਇਹ ਕਾਰਵਾਈ ਲਗਭਗ 35 ਘੰਟੇ ਤੱਕ ਚੱਲੀ ਹੈ। ਜਾਂਚ ਟੀਮ ਨੇ ਸਿਟੀ ਰੋਡ ਸਥਿਤ ਉਨ੍ਹਾਂ ਦੇ ਦੂਜੇ ਫਲੈਟ ਦੀ ਜਾਂਚ ਪੂਰੀ ਕਰਨ ਤੋਂ ਬਾਅਦ ਉੱਥੋਂ ਵਾਪਸੀ ਕਰ ਲਈ ਹੈ।
ਇਸ ਫਲੈਟ ਵਿੱਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਐਡਵੋਕੇਟ ਵਰਿੰਦਰ ਰੱਤੀਆਂ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਮਾਮਲੇ ਨਾਲ ਸਬੰਧਤ ਕੁਝ ਦਸਤਾਵੇਜ਼ ਮੰਗੇ ਗਏ ਸਨ। ਇਨ੍ਹਾਂ ਵਿੱਚ ਮੋਗਾ ਅਦਾਲਤ ਅਤੇ ਲੋਕਪਾਲ ਨਾਲ ਸਬੰਧਤ ਦਸਤਾਵੇਜ਼ ਸ਼ਾਮਲ ਸਨ। ਉਨ੍ਹਾਂ ਮੁਤਾਬਕ, ਇਹ ਮਾਮਲਾ ਭ੍ਰਿਸ਼ਟਾਚਾਰ ਦੀ ਇੱਕ ਸ਼ਿਕਾਇਤ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਪਹਿਲਾਂ ਹੀ ਵਾਪਸ ਲਿਆ ਜਾ ਚੁੱਕਾ ਸੀ।
ਜੀਰਾ ਚ ਮੁਅੱਤਲ ਪਟਵਾਰੀ ਦੇ ਘਰ ED ਦੀ ਰੇਡ
ਇਸੇ ਦੌਰਾਨ ਵੀਰਵਾਰ ਸਵੇਰੇ ED ਦੀ ਇੱਕ ਹੋਰ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਵਿੱਚ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਨਵਦੀਪ ਸਿੰਘ ਪਹਿਲਾਂ ਮੋਗਾ ਵਿੱਚ ਤਾਇਨਾਤ ਰਹਿ ਚੁੱਕਿਆ ਹੈ। ਉਸ ਦੇ ਘਰ ਦੇ ਬਾਹਰ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਨਵਦੀਪ ਸਿੰਘ ਦਾ ਮੋਗਾ ਦੀ ਵਿਧਾਇਕਾ ਨਾਲ ਕੀ ਸਬੰਧ ਹੈ। ਦੋਵਾਂ ਥਾਵਾਂ ’ਤੇ ਹੋਈ ਕਾਰਵਾਈ ਵਿਚਾਲੇ ਕਿਸੇ ਸਿੱਧੇ ਸਬੰਧ ਦੀ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
