Sunny Enclave Mohali: ਸੰਨੀ ਐਨਕਲੇਵ ਦੇ ਚਰਚਿਤ ਬਿਲਡਰ ਜਰਨੈਲ ਬਾਜਵਾ ਖਿਲਾਫ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਕੰਜਾ ਕੱਸ ਦਿੱਤਾ ਹੈ। ਪਹਿਲਾਂ ਜੇਲ੍ਹ ਵਿੱਚ ਡੱਕੇ ਬਾਜਵਾ ਨੂੰ ਈਡੀ ਨੇ ਵੱਡਾ ਝਟਕਾ ਦਿੱਤਾ ਹੈ। ਈਡੀ ਨੇ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 600 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ।
ਈਡੀ ਵੱਲੋਂ ਬਾਜਵਾ ਦੀਆਂ ਤਿੰਨ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੋਰਸ਼, ਬੀਐਮਡਬਲਯੂ ਤੇ ਫੋਰਡ ਐਂਡੇਵਰ ਕਾਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਇਸ ਵੇਲੇ ਜਰਨੈਲ ਸਿੰਘ ਬਾਜਵਾ ਜੇਲ੍ਹ ਵਿੱਚ ਹੈ। ਉਸ 'ਤੇ ਫਲੈਟ ਤੇ ਪਲਾਟ ਦੇਣ ਦੇ ਨਾਮ 'ਤੇ ਨਿਵੇਸ਼ਕਾਂ ਤੋਂ 600 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਤੇ ਵਸੂਲੀ ਕਰਨ ਦਾ ਦੋਸ਼ ਹੈ।
ਦੱਸ ਦਈਏ ਕਿ ਬਾਜਵਾ ਵਿਰੁੱਧ ਚੰਡੀਗੜ੍ਹ ਤੇ ਮੁਹਾਲੀ ਵਿੱਚ 44 ਤੋਂ ਵੱਧ ਮਾਮਲੇ ਦਰਜ ਹਨ, ਜੋ ਧੋਖਾਧੜੀ ਤੇ ਜਾਅਲਸਾਜ਼ੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ, ਕਈ ਮਾਮਲੇ ਖਪਤਕਾਰ ਅਦਾਲਤਾਂ ਵਿੱਚ ਵੀ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੰਪਨੀ ਦਾ ਆਡਿਟ ਨਹੀਂ ਹੋਇਆ, ਜਿਸ ਕਾਰਨ ਕੰਪਨੀ 'ਤੇ ਸ਼ੱਕ ਹੋਰ ਡੂੰਘਾ ਹੋ ਗਿਆ ਹੈ।
ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਾਹਕਾਂ ਤੋਂ ਲਈ ਗਈ ਪੇਸ਼ਗੀ ਰਕਮ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਬਾਜਵਾ ਨੇ ਇਹ ਰਕਮ ਕਈ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ, ਜਿਨ੍ਹਾਂ ਵਿੱਚ ਉਸ ਦੇ ਪੁੱਤਰ ਤੇ ਕਾਰੋਬਾਰੀ ਖਾਤੇ ਸ਼ਾਮਲ ਹਨ। ਈਡੀ ਦੀ ਜਾਂਚ ਜਾਰੀ ਹੈ ਤੇ ਸਹੀ ਵਿੱਤੀ ਬੇਨਿਯਮੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਇਸ ਸਬੰਧ ਵਿੱਚ ਜਲਦੀ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।