ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਡਾ. ਭੁਪਿੰਦਰ ਸਿੰਘ ਹਨੀ ਦੀ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਰਿਹਾਇਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਕੀਤੀ ਜੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕੇ ਰੇਤ ਮਾਮਲੇ ਦੇ ਵਿੱਚ ਰੇਤੇ ਦੀ ਮਾਈਨਿੰਗ ਨੂੰ ਲੈ ਕੇ ਛਾਪੇਮਾਰੀ ਹੋ ਰਹੀ ਹੈ।
ਓਧਰ ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਨੇ ਕਿਹਾ ਹੈ ਕਿ ਪੰਜਾਬ 'ਚ ਚੋਣਾਂ ਦੇ ਵਿਚਕਾਰ ਭਾਜਪਾ ਸਰਕਾਰ ਦੇ ਇਨ੍ਹਾਂ ਚੋਣਾਵੀ ਹੱਥਕੰਡਿਆ ਤੋਂ ਕਾਂਗਰਸ ਡਰਨ ਵਾਲੀ ਅਤੇ ਪਿੱਛੇ ਹਟਣ ਵਾਲੀ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਧਦੀ ਲੋਕਪ੍ਰਿਅਤਾ ਤੋਂ ਅੱਜ ਭਾਜਪਾ ਅਤੇ ਭਾਜਪਾ ਦੀਆਂ ਬੀ ਟੀਮਾਂ ਬੁਖਾਲਾਈਆਂ ਹੋਈਆਂ ਹਨ ,ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਇਸ ਦਾ ਜਵਾਬ ਖ਼ੁਦ ਹੀ ਦੇਣਗੇ।
ਅਧਿਕਾਰੀਆਂ ਦੇ ਦੱਸਣ ਮੁਤਾਬਕ ਸਰਹੱਦੀ ਰਾਜ ਵਿੱਚ ਘੱਟੋ-ਘੱਟ 10 ਤੋਂ 12 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਫੈਡਰਲ ਏਜੰਸੀ ਦੇ ਅਧਿਕਾਰੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰ ਰਹੇ ਹਨ। ਈਡੀ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਹੈ। ਭੁਪਿੰਦਰ ਸਿੰਘ ਮਾਮਲੇ ਦੇ ਮੁੱਖ ਮੁਲਜ਼ਮ ਦੀ ਕੰਪਨੀ ਵਿੱਚ ਮੈਨੇਜਰ ਸੀ। ਈਡੀ ਨੇ ਹੋਮਲੈਂਡ ਸੋਸਾਇਟੀ 'ਤੇ ਵੀ ਛਾਪੇਮਾਰੀ ਕੀਤੀ, ਜਿੱਥੇ ਸੀਐਮ ਚੰਨੀ ਦੀ ਸਾਲੀ ਦਾ ਪੁੱਤਰ ਰਹਿੰਦਾ ਹੈ।
ਦੱਸ ਦੇਈਏ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਲੋਕਾਂ ਦੀ ਮਦਦ ਕਰਨ ਦਾ ਦੋਸ਼ ਲਾਇਆ ਹੈ। ਪਿਛਲੇ ਸਾਲ ਦਸੰਬਰ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ।