Punjab News: ਇਨਕਮ ਟੈਕਸ ਵਿਭਾਗ ਦੀ ਟੀਮ ਨੇ ਫਰੀਦਕੋਟ ਸਥਿਤ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਅਤੇ ਦਫਤਰ 'ਤੇ ਛਾਪਾ ਮਾਰਿਆ ਹੈ। ਦੀਪ ਮਲਹੋਤਰਾ ਦੇ ਬੇਟੇ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਿੱਲੀ ਸ਼ਰਾਬ ਘੁਟਾਲੇ ਨਾਲ ਵੀ ਜੁੜੇ ਨੇ ਤਾਰ ?
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ 7 ਵਜੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ। ਟੀਮਾਂ 4 ਗੱਡੀਆਂ 'ਚ ਉਸ ਦੇ ਘਰ ਪਹੁੰਚੀਆਂ। ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ 'ਚ ਸਾਹਮਣੇ ਆਇਆ ਸੀ। ਦੀਪ ਮਲਹੋਤਰਾ ਦੇ ਬੇਟੇ ਨੂੰ ਵੀ ਜੇਲ੍ਹ ਜਾਣਾ ਪਿਆ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇੱਥੇ ਛਾਪੇਮਾਰੀ ਕੀਤੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਨੇ ਵਿਧਾਇਕ
ਦੀਪ ਮਲਹੋਤਰਾ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇੱਕ ਹੈ। ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਸੂਤਰਾਂ ਮੁਤਾਬਕ ਪੰਜਾਬ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 'ਚ ਪੌਂਟੀ ਚੱਢਾ ਦਾ ਸ਼ਰਾਬ ਦੇ ਕਾਰੋਬਾਰ 'ਤੇ ਕਬਜ਼ਾ ਸੀ। ਇਸ ਨੂੰ ਤੋੜਨ ਲਈ ਸੁਖਬੀਰ ਬਾਦਲ ਦੀਪ ਮਲਹੋਤਰਾ ਨੂੰ ਲੈ ਕੇ ਆਏ ਹਨ। ਜਿਸ ਤੋਂ ਬਾਅਦ ਅਕਾਲੀ ਨੇ ਹੀ ਉਨ੍ਹਾਂ ਨੂੰ ਟਿਕਟ ਦਿੱਤੀ।
ਜ਼ੀਰਾ ਸ਼ਰਾਬ ਫੈਕਟਰੀ ਦੇ CEO 'ਤੇ ਵੀ ਛਾਪੇਮਾਰੀ
ਦੀਪ ਮਲਹੋਤਰਾ ਦੇ ਨਾਲ ਜੀਰਾ ਸ਼ਰਾਬ ਫੈਕਟਰੀ ਦੇ ਸੀਈਓ ਪਵਨ ਬਾਂਸਲ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਜੀਰਾ ਸ਼ਰਾਬ ਫੈਕਟਰੀ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਵਿੱਚ ਹੈ। ਉੱਥੇ ਹੀ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸ਼ਰਾਬ ਫੈਕਟਰੀ ਬੰਦ ਕਰਨ ਲਈ ਮਜਬੂਰ ਹੋਣਾ ਪਿਆ।