Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਕਥਿਤ ਤੌਰ ਉੱਤੇ ਜੁੜੇ 100 ਕਰੋੜ ਦੇ ਘਪਲੇ ਮਾਮਲੇ ਵਿੱਚ ਈਡੀ ਦੀ ਐਂਟਰੀ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵਿਸ਼ੇਸ਼ ਜਾਂਚ ਟੀਮ (SIT) ਤੇ ਜ਼ਿਲ੍ਹਾ ਪੁਲਿਸ ਤੋਂ 100 ਕਰੋੜ ਰੁਪਏ ਦੇ ਕਥਿਤ ਸਾਈਬਰ ਧੋਖਾਧੜੀ ਦੇ ਮਾਮਲੇ ਦੇ ਵੇਰਵੇ ਮੰਗੇ ਹਨ। 


ਸੂਤਰਾਂ ਨੇ ਇੰਡੀਅਨ ਐਕਸਪ੍ਰੈਸ ਨੂੰ ਪੁਸ਼ਟੀ ਕੀਤੀ ਕਿ ਈਡੀ ਨੇ ਪੰਜਾਬ ਪੁਲਿਸ ਨੂੰ ਇੱਕ ਪੱਤਰ ਲਿਖ ਕੇ ਕੇਸ ਨਾਲ ਸਬੰਧਤ ਰਿਕਾਰਡ ਅਤੇ ਕਥਿਤ ਘੁਟਾਲੇ ਦੇ ਸਾਰੇ ਮੁਲਜ਼ਮਾਂ ਦੇ ਵੇਰਵੇ ਮੰਗੇ ਹਨ। ਪੁਲਿਸ ਤੋਂ ਕਰੀਬ 10 ਦਿਨ ਪਹਿਲਾਂ ਰਿਕਾਰਡ ਮੰਗਿਆ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਵਿੱਤੀ ਧੋਖਾਧੜੀ ਦਾ ਮਾਮਲਾ ਨਹੀਂ ਹੈ ਸਗੋਂ ਇਹ ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।


ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਹਰਜੋਤ ਬੈਂਸ(Harjot Singh Bains) ਅਤੇ ਉਨ੍ਹਾਂ ਦੀ ਪਤਨੀ ਦੀ ਸ਼ਮੂਲੀਅਤ ਵਾਲੇ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਵੇਰਵੇ ਮੰਗੇ ਹਨ। ED ਨੇ SIT ਤੇ ਸੂਬਾ ਪੁਲਿਸ ਤੋਂ ਮੰਗੀ ਜਾਣਕਾਰੀ।






ਮਜੀਠੀਆ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਭਗਵੰਤ ਮਾਨ ਸਰਕਾਰ (Bhagwant Mann Government) ਜਾਣ ਬੁੱਝ ਕੇ ਮੰਤਰੀ ਤੇ ਉਹਨਾਂ ਦੀ ਪਤਨੀ ਨੂੰ ਕਲੀਨ ਚਿੱਟ ਦੇਣਾ ਚਾਹੁੰਦੇ ਹਨ। ਜਦੋਂ ਕਿ ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨੇ ਹੀ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਹੁਣ ਮਹਿਲਾ ਇੰਸਪੈਕਟਰ ’ਤੇ ਵੀ ਦਬਾਅ ਬਣਾਇਆ ਜਾ ਰਿਹਾ।


ਮਜੀਠੀਆ ਨੇ ਕਿਹਾ ਕਿ,  ਕੀ ਇਹ ਸਾਈਬਰ ਘੁਟਾਲੇ ਦਾ ਕੇਸ 100 ਕਰੋੜ ਤੱਕ ਸੀਮਤ ਨਹੀਂ ਇਸ ਵਿੱਚ ਰੋਪੜ ਦੇ SSP ਵਿਵੇਕਸ਼ੀਲ ਸੋਨੀ ਦੀ ਵੀ ਸ਼ਮੂਲੀਅਤ ਹੈ ਤੇ ਇਹ ਘੁਟਾਲਾ 500 ਕਰੋੜ ਦਾ ਹੈ ਜਿਸ ਵਿੱਚ ਮਾਈਨਿੰਗ ਦਾ ਪੈਸਾ ਵੀ ਸ਼ਾਮਿਲ ਹੈ।
ਮੋਹਾਲੀ ਵਾਲੇ ਕਾਲ ਸੈਂਟਰ ਦਾ ਕੁਝ ਕੰਮ ਨੰਗਲ ਤੋਂ ਵੀ ਕੀਤਾ ਜਾਂਦਾ ਸੀ। ਰੋਪੜ ਦੇ SSP ਵਿਵੇਕਸ਼ੀਲ ਸੋਨੀ ਦੇ ਮੰਤਰੀ ਹਰਜੋਤ ਬੈਂਸ ਨਾਲ ਸਬੰਧ ਕਿਸੇ ਤੋਂ ਛੁਪੇ ਹੋਏ ਨਹੀਂ। ਮੇਰੀ ਗੁਜ਼ਾਰਿਸ਼ ਹੈ ਕੀ ED ਇਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਤਾਂ ਜੋ ਸੱਚ ਲੋਕਾਂ ਦੇ ਸਾਹਮਣੇ ਆ ਸਕੇ