ਬਰਨਾਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਲੋਕ ਡਾਢੇ ਪ੍ਰੇਸ਼ਾਨ ਹਨ ਉੱਥੇ ਹੀ ਰਾਹਤ ਦੇਣ ਵਾਲੀਆਂ ਮਿਸਾਲਾਂ ਵੀ ਇਨੀਂ ਦਿਨੀਂ ਮਿਲ ਰਹੀਆਂ ਹਨ। ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਸੁਚੇਤ ਕਰ ਰਹੇ ਹਨ। ਇਸ ਤੋਂ ਇਲਾਵਾ ਲੋੜਵੰਦਾਂ 'ਚ ਰਾਸ਼ਨ ਤੇ ਮਾਸਕ ਵੰਡ ਰਹੇ ਹਨ।


ਐਸਐਸਪੀ ਸੰਦੀਪ ਗੋਇਲ ਹੁਣ ਤਕ ਬਰਨਾਲਾ ਜ਼ਿਲ੍ਹੇ ਦੇ 82 ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਚੁੱਕੇ ਹਨ। ਇਸ ਤੋਂ ਇਲਾਵਾ 1000 ਤੋਂ ਵੱਧ ਜ਼ਰੂਰਤਮੰਦਾਂ ਨੂੰ ਰਾਸ਼ਨ, ਮਾਸਕ ਆਦਿ ਵੰਡੇ ਹਨ। ਉਨ੍ਹਾਂ ਦੇ ਇਸ ਕਦਮ ਨਾਲ ਜਿੱਥੇ ਲੋਕਾਂ 'ਚ ਪੁਲਿਸ ਦੀ ਛਵੀ ਸੁਧਰੀ ਹੈ, ਉੱਥੇ ਹੀ ਲੋਕ ਐਸਐਸਪੀ ਸੰਦੀਪ ਗੋਇਲ ਨੂੰ 'ਸਿੰਘਮ' ਦੇ ਨਾਂ ਨਾਲ ਬੁਲਾ ਰਹੇ ਹਨ।

ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਰੂਪ ਧਾਰ ਚੁੱਕਾ ਹੈ ਤੇ ਅਸੀਂ ਸਮਾਜਿਕ ਦੂਰੀ, ਵਾਰ-ਵਾਰ ਹੱਥ ਧੋਣ, ਛਿੱਕਣ ਤੇ ਖੰਘਣ ਸਮੇਂ ਮੂੰਹ 'ਤੇ ਰੁਮਾਲ ਰੱਖਣ ਜਿਹੇ ਕੁਝ ਪਰਹੇਜ਼ ਕਰਕੇ ਇਸ ਮਹਾਮਾਰੀ 'ਤੇ ਕਾਬੂ ਪਾ ਸਕਦੇ ਹਾਂ।