Lok Sabha Election: ਪੰਜਾਬ ਵਿੱਚ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। 24433 ਪੋਲਿੰਗ ਸਟੇਸ਼ਨਾਂ ਉੱਤੇ ਲਾਇਵ ਵੈਬ ਕਾਸਟਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ 25 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਸੂਬੇ ਵਿੱਚ ਤੈਨਾਤ ਕੀਤੀਆਂ ਗਈਆਂ ਹਨ ਤੇ ਜ਼ਰੂਰਤ ਪੈਣ ਉੱਤੇ ਹੋਰ ਵੀ ਮੰਗਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਡੇਢ ਲੱਖ ਪੋਲਿੰਗ ਸਟਾਫ਼ ਦੀ ਵੀ ਵਰਤੋਂ ਕੀਤੀ ਜਾਵੇਗੀ। ਉੱਥੇ ਹੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾਉਣ ਦੀ ਵੀ ਸੰਭਾਵਨਾ ਹੈ। 10 ਹਜ਼ਾਰ ਵਾਹਨ ਚੋਣਾਂ ਵਿੱਚ ਵਰਤੇ ਜਾਣਗੇ।


ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਿਨ ਸੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵੋਟਾਂ ਦਾ ਟੀਚਾ 70 ਫ਼ੀਸਦੀ ਤੋਂ ਵੱਧ ਦਾ ਰੱਖਿਆ ਗਿਆ ਹੈ। ਅਜਿਹੇ ਵਿੱਚ ਲੋਕਾਂ ਨੂੰ ਵੋਟਾਂ ਦੇ ਪ੍ਰਤੀ ਜਾਗਰੁਕ ਕਰਨ ਲਈ ਕ੍ਰਿਕੇਟਕ ਸੁਭਮਨ ਗਿੱਲ ਤੇ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੂੰ ਸਟੇਟ ਆਇਕਨ ਬਣਾਇਆ ਗਿਆ ਹੈ ਕਿਉਂਕਿ 12 ਜ਼ਿਲ੍ਹਿਆਂ ਵਿੱਚ ਵੋਟ ਫ਼ੀਸਦੀ ਘੱਟ ਰਿਹਾ ਸੀ ਇਸ ਵਾਰ 5 ਲੱਖ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਚੋਣਾਂ ਗਰਮੀਆਂ ਵਿੱਚ ਹੋਣ ਵਾਲੀਆਂ ਹਨ। ਅਜਿਹੇ ਵਿੱਚ ਪੋਲਿੰਗ ਸਟੇਸ਼ਨਾਂ ਉੱਤੇ ਪਾਣੀ ਤੇ ਹੋਰ ਬੁਨਿਆਦੀ ਸਹੂਲਤਾਂ ਦਿੱਤੀਆਂਏ ਜਾਣਗੀਆਂ ਤਾਂਕਿ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।


ਚੋਣ ਅਧਿਕਾਰ ਨੇ ਕਿਹਾ ਕਿ ਚੋਣਾਂ ਵਿੱਚ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਾ ਹੋ ਸਕੇ ਇਸ ਲਈ ਸੁਰੱਖਿਆ ਏਜੰਸੀਆਂ ਤੈਨਾਤ ਕੀਤੀਆਂ ਗਈਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ 285 ਕਰੋੜ ਦਾ ਸਮਾਨ ਜ਼ਬਤ ਕੀਤਾ ਗਿਆ ਸੀ ਜਦੋਂ ਕਿ ਵਿਧਾਨ ਸਭਾ ਚੋਣਾਂ ਵਿੱਚ 511 ਕਰੋੜ ਦਾ ਸਮਾਨ ਜ਼ਬਤ ਕੀਤਾ ਗਿਆ ਸੀ।


ਉਨ੍ਹਾਂ ਕਿਹਾ ਕਿ 16 ਮਾਰਚ ਤੋਂ ਆਦਰਸ਼ ਚੋਣ ਜ਼ਾਬਤਾ ਲੱਗ ਗਿਆ ਹੈ ਤੇ ਜਿਸ ਤੋਂ ਬਾਅਦ ਹੁਣ ਤੱਕ ਜਨਤਕ ਥਾਵਾਂ ਉੱਤੋਂ 23916 ਪੋਸਟਰ ਤੇ ਬੈਨਰ ਹਟਾਏ ਗਏ ਹਨ ਤੇ 113 ਕਰੋੜ ਦਾ ਸਮਾਨ ਜ਼ਬਤ ਕੀਤਾ ਗਿਆ ਹੈ। ਸੀ ਵਿਜਿਲ ਐਪ ਉੱਤੇ 119 ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। 10 ਜ਼ਿਲ੍ਹਿਆਂ ਵਿੱਚ ਇੰਟਰ ਸਟੇਟ ਨਾਕਿਆਂ ਉੱਤੇ ਪਹਿਲੀ ਵਾਰ ਸੀਸੀਟੀਵੀ ਨਾਕੇ ਲਾਏ ਗਏ ਹਨ ਜਿਨ੍ਹਾਂ ਦੀ ਗਿਣਤੀ 99 ਹੈ। ਇਹ ਸਾਰੇ ਜ਼ਿਲ੍ਹੇ ਪਾਕਿਸਤਾਨ, ਜੰਮੂ ਤੇ ਹਿਮਾਚਲ ਨਾਲ ਲਗਦੇ ਹਨ। ਇਨ੍ਹਾਂ ਉੱਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਜੋ ਵੀ ਮੰਤਰੀ ਚੋਣ ਲੜ ਰਹੇ ਹਨ ਉਨ੍ਹਾਂ ਨੂੰ ਵੀ ਆਮ ਆਦਮੀ ਦੀ ਤਰ੍ਹਾਂ ਸੁਰੱਖਿਆ ਦਿੱਤੀ ਜਾਵੇਗੀ। ਸਾਰੇ ਉਮੀਦਵਾਰਾਂ ਨੂੰ ਇੱਕੋ ਹਿਸਾਬ ਨਾਲ ਸੁਰੱਖਿਆ ਨਾਲ ਦਿੱਤੀ ਜਾਵੇਗੀ। ਸੂਬੇ ਵਿੱਚ 4 ਲੱਖ ਅਸਲਾ ਧਾਰਕ ਹਨ ਜਿਨ੍ਹਾਂ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਹਥਿਆਰ ਜਮ੍ਹਾਂ ਕਰਵਾਉਣੇ ਪੈਣਗੇ।