ਜਲੰਧਰ : ਜਲੰਧਰ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਬਿਜਲੀ ਵਿਭਾਗ ਦੇ ਇੱਕ ਜੂਨੀਅਰ ਇੰਜਨੀਅਰ (ਜੇਈ) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜੇ.ਈ ਨੇ ਟਰਾਂਸਫਾਰਮਰ ਲਗਾਉਣ ਦੇ ਬਦਲੇ ਅਲਾਵਲਪੁਰ ਦੇ ਇੱਕ ਛੋਟੇ ਕਿਸਾਨ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਕਿਸਾਨ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਵਿਜੀਲੈਂਸ ਨੇ ਜਾਲ ਵਿਛਾ ਕੇ ਜੇਈ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।


ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸ਼ਾਮ ਸਿੰਘ ਜੇ.ਈ ਨੂੰ ਕਿਸਾਨ ਤਰਲੋਚਨ ਸਿੰਘ, ਵਾਸੀ ਪਿੰਡ ਸਰਮਸਤਪੁਰ, ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਇੱਕ ਛੋਟਾ ਕਿਸਾਨ ਹੈ। ਉਸ ਨੇ ਖੇਤੀ ਬਿਜਲੀ ਸਪਲਾਈ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਆਪਣੇ ਖੇਤਾਂ ਵਿੱਚ ਟਿਊਬਵੈੱਲ ਲਾਉਣ ਲਈ ਅਪਲਾਈ ਕੀਤਾ ਹੈ। ਉਸ ਨੇ ਖੇਤਾਂ ਵਿੱਚ ਵਿਅਕਤੀਗਤ ਟਰਾਂਸਫਾਰਮਰਾਂ ਲਈ ਅਰਜ਼ੀ ਦਿੱਤੀ ਹੈ।

ਪਰ ਬਿਜਲੀ ਵਿਭਾਗ ਦਾ ਜੂਨੀਅਰ ਇੰਜਨੀਅਰ ਸ਼ਾਮ ਸਿੰਘ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਹ ਟਰਾਂਸਫਾਰਮਰ ਲਗਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਜੇ.ਈ ਨੇ ਉਸ ਤੋਂ ਪੰਦਰਾਂ ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਪਰ ਉਹ ਉਸ ਨਾਲ ਸੌਦੇਬਾਜ਼ੀ ਕਰ ਰਿਹਾ ਸੀ ਅਤੇ ਮਾਮਲਾ 10 ਹਜ਼ਾਰ 'ਚ ਤੈਅ ਹੋ ਗਿਆ ਹੈ। ਕਿਸਾਨ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਹ ਇੱਕ ਗਰੀਬ ਕਿਸਾਨ ਹੈ ਅਤੇ ਭ੍ਰਿਸ਼ਟ ਜੇਈ ਉਸ ਨਾਲ ਨਾਜਾਇਜ਼ ਕਰ ਰਿਹਾ ਹੈ।

ਵਿਜੀਲੈਂਸ ਬਿਊਰੋ ਨੇ ਕਿਸਾਨ ਤਰਲੋਚਨ ਸਿੰਘ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪਹਿਲਾਂ ਆਪਣੇ ਪੱਧਰ 'ਤੇ ਇਸ ਦੀ ਪੜਤਾਲ ਕਰਵਾਈ। ਵਿਜੀਲੈਂਸ ਟੀਮ ਨੇ ਸ਼ਿਕਾਇਤ ਨੂੰ ਸਹੀ ਪਾਇਆ ਅਤੇ ਕਿਸਾਨ ਨੂੰ ਬੁਲਾਇਆ। ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਕਿਸਾਨ ਨੂੰ ਕੈਮੀਕਲ ਲਗਾ ਕੇ ਅਤੇ ਨੰਬਰ ਨੋਟ ਕਰਕੇ ਦਸ ਹਜ਼ਾਰ ਰੁਪਏ ਦਿੱਤੇ ਕਿ ਜੇ.ਈ. ਨੂੰ ਦੇਵੇ। 


ਇਸ ਤੋਂ ਬਾਅਦ ਕਿਸਾਨ ਨੇ ਜੇਈ ਨੂੰ ਅਲਾਵਲਪੁਰ ਬੁਲਾ ਕੇ ਕਿਹਾ ਕਿ ਉਹ ਉਸ ਨੂੰ ਪੈਸੇ ਦੇ ਰਿਹਾ ਹੈ ਪਰ ਉਹ ਆਪਣੇ ਖੇਤਾਂ ਵਿੱਚ ਟਰਾਂਸਫਾਰਮਰ ਲਗਾ ਦੇਵੇ। ਕਿਸਾਨ ਦੇ ਦੱਸੇ ਅਨੁਸਾਰ ਜੇ.ਈ. ਉੱਥੇ ਪਹਿਲਾਂ ਤੋਂ ਮੌਜੂਦ ਕਿਸਾਨ ਨੇ ਜੇਈ ਸ਼ਾਮ ਲਾਲ ਨੂੰ ਦਸ ਹਜ਼ਾਰ ਰੁਪਏ ਦੇ ਦਿੱਤੇ। ਜਿਵੇਂ ਹੀ ਕਿਸਾਨ ਨੇ ਜੇ.ਈ ਨੂੰ ਦਸ ਹਜ਼ਾਰ ਰੁਪਏ ਦਿੱਤੇ ਤਾਂ ਆਸ-ਪਾਸ ਲੁਕੇ ਵਿਜੀਲੈਂਸ ਟੀਮ ਦੇ ਮੈਂਬਰਾਂ ਨੇ ਜੇ.ਈ ਨੂੰ ਮੌਕੇ 'ਤੇ ਹੀ ਦਬੋਚ ਲਿਆ।

ਵਿਜੀਲੈਂਸ ਟੀਮ ਨੇ ਮੌਕੇ 'ਤੇ ਮੌਜੂਦ ਗਵਾਹਾਂ ਦੇ ਸਾਹਮਣੇ ਜੇ.ਈ ਸ਼ਾਮ ਲਾਲ ਦੀ ਤਲਾਸ਼ੀ ਲਈ। ਉਸ ਦੀ ਜੇਬ ਵਿੱਚੋਂ ਪੈਸੇ ਬਰਾਮਦ ਕਰਨ ਤੋਂ ਬਾਅਦ ਗਵਾਹਾਂ ਨੂੰ ਉਸ ਦੇ ਨੰਬਰ ਦਿਖਾਏ। ਇਸ ਤੋਂ ਬਾਅਦ ਜਦੋਂ ਜੇਈ ਨੇ ਹੱਥ ਧੋਏ ਤਾਂ ਉਸ ਦੇ ਹੱਥ ਕੈਮੀਕਲ ਨਾਲ ਲਾਲ ਹੋ ਗਏ। ਵਿਜੀਲੈਂਸ ਨੇ ਭ੍ਰਿਸ਼ਟ ਜੇਈ ਨੂੰ ਗ੍ਰਿਫ਼ਤਾਰ ਕਰਕੇ ਜਲੰਧਰ ਹੈੱਡਕੁਆਰਟਰ ਲਿਆਂਦਾ ਹੈ। ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।