ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਵਿੱਚ ਨਵੇਂ ਬਿਜਲੀ ਮੀਟਰ ਲਗਵਾਉਣ ਨੂੰ ਲੈ ਕੇ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ 27 ਦਸੰਬਰ ਤੋਂ ਆਨਲਾਈਨ ਫ਼ਾਈਲਾਂ ਅਪਲਾਈ ਕਰਨ ਦੀ ਪ੍ਰਕਿਰਿਆ ਬੰਦ ਹੋਣ ਕਾਰਨ ਨਵੇਂ ਮੀਟਰ ਲਗਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਖਰੜ ਬਿਜਲੀ ਦਫ਼ਤਰ ਵਿੱਚ ਰੋਜ਼ਾਨਾ ਕਰੀਬ 40 ਤੋਂ 45 ਨਵੇਂ ਮੀਟਰਾਂ ਦੀਆਂ ਫ਼ਾਈਲਾਂ ਆਉਂਦੀਆਂ ਹਨ, ਪਰ ਆਨਲਾਈਨ ਸਿਸਟਮ ਬੰਦ ਹੋਣ ਕਾਰਨ ਇਹ ਫ਼ਾਈਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਰੋਜ਼ਾਨਾ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕੋਈ ਸਾਫ਼ ਜਾਣਕਾਰੀ ਮਿਲ ਰਹੀ ਹੈ ਅਤੇ ਨਾ ਹੀ ਕੋਈ ਕਰਮਚਾਰੀ ਉਨ੍ਹਾਂ ਨੂੰ ਸਹੀ ਰਾਹ ਦਿਖਾ ਰਿਹਾ ਹੈ, ਜਿਸ ਨਾਲ ਖਪਤਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

Continues below advertisement

ਦਫ਼ਤਰਾਂ ਵਿੱਚ ਨਵਾਂ ਬਿਜਲੀ ਮੀਟਰ ਅਪਲਾਈ ਕਰਨ ਆਏ ਖਪਤਕਾਰਾਂ ਨੇ ਦੱਸਿਆ ਕਿ ਉਹ ਮਕਾਨ ਤਾਂ ਖਰੀਦ ਰਹੇ ਹਨ, ਪਰ ਮੀਟਰ ਨਾ ਲੱਗਣ ਕਾਰਨ ਘਰਾਂ ਵਿੱਚ ਰੌਸ਼ਨੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਪਤਕਾਰਾਂ ਅਨੁਸਾਰ ਕਈ ਲੋਕ ਮਜਬੂਰੀ ਵਿੱਚ ਜਨਰੇਟਰ ਲਗਾ ਕੇ ਕੰਮ ਚਲਾ ਰਹੇ ਹਨ, ਜਿਸ ਨਾਲ ਵਧੇਰੇ ਖਰਚਾ ਵੀ ਹੋ ਰਿਹਾ ਹੈ।

ਖਪਤਕਾਰਾਂ ਹੋ ਰਹੇ ਪ੍ਰੇਸ਼ਾਨ

Continues below advertisement

ਖਪਤਕਾਰਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਵੇਂ ਮੀਟਰਾਂ ਲਈ ਆਨਲਾਈਨ ਫ਼ਾਈਲਾਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਆਨਲਾਈਨ ਸਿਸਟਮ ਸ਼ੁਰੂ ਨਹੀਂ ਹੁੰਦਾ, ਤਦ ਤੱਕ ਦਫ਼ਤਰਾਂ ਵਿੱਚ ਮੈਨੁਅਲ ਫ਼ਾਈਲਾਂ ਜਮ੍ਹਾਂ ਕਰਵਾ ਕੇ ਮੀਟਰ ਜਾਰੀ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

ਦੋ ਦਿਨਾਂ ਵਿੱਚ ਨਵਾਂ ਸਾਫਟਵੇਅਰ ਚਾਲੂ ਹੋ ਜਾਵੇਗਾ: ਐਕਸਈਐਨ ਇੰਦਰਪ੍ਰੀਤ ਸਿੰਘ

ਇਸ ਸਬੰਧ ਵਿੱਚ ਐਕਸਈਐਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਪਤਕਾਰਾਂ ਦੀ ਸਹੂਲਤ ਲਈ ਨਵਾਂ ਸਿੰਗਲ ਬਿਲਿੰਗ ਸੋਲੂਸ਼ਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਜੋ ਪੰਜਾਬ ਦੇ ਬਿਜਲੀ ਦਫ਼ਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸਾਫਟਵੇਅਰ ਦੀ ਤਕਨੀਕੀ ਪ੍ਰਕਿਰਿਆ ਕਾਰਨ ਇਸ ਸਮੇਂ ਨਵੇਂ ਮੀਟਰਾਂ ਦੀ ਅਰਜ਼ੀ ਨਾਲ ਸੰਬੰਧਿਤ ਕੰਮ ਅਸਥਾਈ ਤੌਰ ‘ਤੇ ਰੁਕਿਆ ਹੋਇਆ ਹੈ।

ਸਹਿਯੋਗ ਦੇਣ ਲਈ ਲੋਕਾਂ ਨੂੰ ਕੀਤੀ ਅਪੀਲ

ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦੋ ਦਿਨਾਂ ਦੇ ਅੰਦਰ ਨਵਾਂ ਸਾਫਟਵੇਅਰ ਚਾਲੂ ਹੋ ਜਾਵੇਗਾ। ਉਨ੍ਹਾਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਨਵਾਂ ਸਿਸਟਮ ਚਾਲੂ ਹੋਣ ਤੱਕ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ, ਕਿਉਂਕਿ ਇਹ ਸਾਫਟਵੇਅਰ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਬਿਜਲੀ ਬਿੱਲ ਭਰਨ ਅਤੇ ਨਵੇਂ ਮੀਟਰ ਲਗਵਾਉਣ ਦੀ ਪ੍ਰਕਿਰਿਆ ਕਾਫ਼ੀ ਆਸਾਨ ਹੋ ਜਾਵੇਗੀ।