ਅੰਮ੍ਰਿਤਸਰ: ਸਰਕਾਰੀ ਕਰਮਚਾਰੀਆਂ ਲਈ ਖ਼ਤਰੇ ਦੀ ਘੰਟੀ ਹੈ।ਜਿਨ੍ਹਾਂ ਨੇ ਅਜੇ ਤੱਕ ਕੋਰੋਨਾ ਦਾ ਟੀਕਾ ਨਹੀਂ ਲਗਵਾਇਆ ਹੈ ਉਹ ਹੁਣ ਤਨਖਾਹ ਤੋਂ ਵਾਂਝੇ ਰਹਿਣ ਵਾਲੇ ਹਨ।ਸਰਕਾਰੀ ਕਰਮਚਾਰੀਆਂ ਵੱਲੋਂ ਟੀਕਾਕਰਨ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਖਜ਼ਾਨਾ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਕੱਲ ਤੱਕ ਸਾਰੇ ਕਰਮਚਾਰੀਆਂ ਦਾ ਡੇਟਾ ਦਿੱਤਾ ਜਾਵੇ ਤਾਂ ਜੋ ਹਰੇਕ ਕਰਮਚਾਰੀ ਕੋਲੋਂ ਟੀਕਾਕਰਨ ਦਾ ਸਰਟੀਫਿਕੇਟ ਲਿਆ ਜਾ ਸਕੇ।
ਉਨਾਂ ਕਿਹਾ ਕਿ ਇਸ ਮਹੀਨੇ ਤੋਂ ਜੋ ਵੀ ਸਰਕਾਰੀ ਕਰਮਚਾਰੀ ਟੀਕਾਕਰਨ ਨਹੀਂ ਕਰਵਾਏਗਾ, ਉਸ ਦੀ ਤਨਖਾਹ ਰੋਕ ਲਈ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਕੋਈ ਸਿਹਤ ਸਮੱਸਿਆ ਉਸਨੂੰ ਟੀਕਾਕਰਨ ਕਰਵਾਉਣ ਤੋਂ ਰੋਕਦੀ ਹੈ ਤਾਂ ਉਹ ਇਸ ਲਈ ਡਾਕਟਰ ਦਾ ਸਰਟੀਫਿੇਕਟ ਦੇਵੇ, ਜਿਸ ਨੂੰ ਡਾਕਟਰਾਂ ਦਾ ਪੈਨਲ ਵੇਖੇਗਾ ਹਾਂ ਇਸ ਵਿਅਕਤੀ ਨੂੰ ਸੱਚਮੁੱਚ ਹੀ ਸਮੱਸਿਆ ਹੈ ਅਤੇ ਇਹ ਟੀਕਾਕਰਨ ਦੇ ਯੋਗ ਨਹੀਂ ਹੈ।
ਜਿਲ੍ਹੇ 'ਚ ਕੋਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਲ੍ਹੇ ਦੇ ਹਰ ਯੋਗ ਨਾਗਰਿਕ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਜ਼ਰੂਰ ਲਗਾਇਆ ਜਾਵੇ।
ਛੁੱਟੀ ਵਾਲੇ ਦਿਨ ਕੀਤੀ ਗਈ ਇਸ ਜ਼ਰੂਰੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਾਰੇ ਐਸ ਡੀ ਐਮ, ਸਿਵਲ ਸਰਜਨ, ਟੀਕਾਕਰਨ ਅਫਸਰ, ਜਿਲ੍ਹੇ ਦੇ ਐਸ ਐਮ ਓਜ਼ ਨੂੰ ਸਪੱਸ਼ਟ ਕੀਤਾ ਕਿ ਕੁੱਝ ਦੇਸ਼ਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਵੱਧ ਰਹੇ ਕੇਸ ਸਾਡੇ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਇਸ ਨੂੰ ਭਾਂਪਦੇ ਹੋਏ ਸਾਰੇ ਨਾਗਰਿਕ ਜਿਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਲੱਗ ਸਕਦਾ ਹੈ, ਨੂੰ ਟੀਕਾ ਜ਼ਰੂਰ ਲਗਾਉ।
ਉਨਾਂ ਕਿਹਾ ਕਿ ਇਸ ਲਈ ਲੋੜ ਪਵੇ ਤਾਂ ਘਰ-ਘਰ ਤੱਕ ਪਹੁੰਚ ਕੀਤੀ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆ ਰਹੀਆਂ ਚੋਣਾਂ ਵਿਚ ਲੋਕਾਂ ਦਾ ਆਪਸੀ ਰਾਬਤਾ ਵੱਧੇਗਾ, ਸੋ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਹਰ ਹਾਲ ਆਪਣੇ ਜਿਲ੍ਹਾ ਵਾਸੀਆਂ ਨੂੰ ਕਰੋਨਾ ਦਾ ਟੀਕਾ ਲਗਾਈਏ।
ਖਹਿਰਾ ਨੇ ਇਸ ਲਈ ਕੌਂਸਲਰ, ਪੰਚ, ਸਰਪੰਚਾਂ ਦਾ ਸਹਿਯੋਗ ਲੈਣ ਦੇ ਨਾਲ-ਨਾਲ ਟੀਕਾਕਰਨ ਲਈ ਆਰਜ਼ੀ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ। ਉਨਾਂ ਕਿਹਾ ਕਿ ਸਾਡੇ ਕੋਲ ਹੁਣ ਟੀਕਿਆਂ ਦੀ ਸਪਲਾਈ ਦੀ ਕੋਈ ਕਮੀ ਨਹੀਂ ਹੈ, ਸੋ ਇਸ ਮੌਕੇ ਦਾ ਲਾਭ ਲੈਂਦੇ ਹੋਏ ਸਾਰੇ ਜ਼ਰੂਰਤਮੰਦ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ।