Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਬੀਤੀ ਰਾਤ ਪਿੰਡ ਭਾਗਸਰ ਕੋਲ ਹੋਈ ਮੁੱਠਭੇੜ ਵਿੱਚ ਦੋਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜ਼ਖ਼ਮੀ ਹਾਲਤ ਵਿੱਚ ਦੋਵੇ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਹਸਪਤਾਲ ਵਿਖੇ ਇਲਾਜ ਅਧੀਨ ਹਨ। ਇਸ ਮਾਮਲੇ ਵਿੱਚ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਇਸ ਬਾਬਤ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲੜਕੀ ਦੇ ਪੈਰ 'ਤੇ ਗੋਲੀ ਮਾਰਨ ਦੀ ਘਟਨਾ ਹੋਈ ਸੀ ਜਿਸ ਵਿੱਚ ਲੜਕੀ ਜਖ਼ਮੀ ਹੋ ਗਈ ਸੀ, ਪੁਲਿਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਗੈਂਗਸਟਰ ਗਤੀਵਿਧੀਆਂ ਵਿਚ ਹੱਥ ਰੱਖਣ ਵਾਲੇ ਅਜੈ ਗੂੰਬਰ ਨੇ ਅੰਜਾ਼ਮ ਦਿੱਤਾ ਹੈ।
ਇਸ ਤੋਂ ਬਾਅਦ ਅਜੈ ਗੂੰਬਰ ਦੀ ਭਾਲ ਵਿੱਚ ਪੁਲਿਸ ਨੇ ਪਿੰਡ ਚੱਕ ਮਦਰੱਸਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ੍ਹਾਂ ਪੁਲਿਸ 'ਤੇ ਗੋਲੀਬਾਰੀ ਵੀ ਕੀਤੀ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਹਮਣੇ ਤੋਂ ਗੋਲੀਬਾਰੀ ਵਿੱਚ ਅਜੈ ਗੂੰਬਰ ਦੀ ਲੱਤ 'ਤੇ ਗੋਲੀ ਲੱਗੀ ਅਤੇ ਇਸ ਦੇ ਨਾਲ ਦਾ ਸਾਥੀ ਸੰਨੀ ਭਿੰਡਰ ਵੀ ਜ਼ਖ਼ਮੀ ਹੋ ਗਿਆ।
ਦੋਵਾਂ ਨੂੰ ਪੁਲਿਸ ਨੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ ਜਿੱਥੇ ਇਹ ਦੋਵੇ ਇਲਾਜ ਅਧੀਨ ਹਨ। ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਅਜੈ ਗੂੰਬਰ ਇਸ ਸਮੇਂ ਸੁੱਖਾ ਦਾਨੁਕੇ ਦੇ ਗਰੁੱਪ ਲਈ ਕੰਮ ਕਰ ਰਿਹਾ ਸੀ, ਉਹ ਲੋਕਾਂ ਤੋਂ ਫਿਰੌਤੀਆਂ ਮੰਗਦਾ ਸੀ ਅਤੇ ਦਾਨੁਕੇ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਕਾਰ ਚੱਲ ਰਹੀ ਦੁਸ਼ਮਣੀ ਦੌਰਾਨ ਉਸ ਨੇ ਹੋਰ ਵੀ ਘਟਨਾਵਾਾਂ ਨੂੰ ਅੰਜਾਮ ਦਿੱਤਾ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜੈ 'ਤੇ ਫਰੀਦਕੋਟ ਅਤੇ ਮੋਹਾਲੀ ਵਿਖੇ ਅਜਿਹੀਆਂ ਵਾਰਦਾਤਾਂ ਦੇ ਮਾਮਲੇ ਦਰਜ ਹਨ।
ਇਸ ਦੇ ਨਾਲ ਕਾਬੂ ਕੀਤੇ ਗਏ ਵਿਅਕਤੀ ਸੰਨੀ ਭਿੰਡਰ ਵੀ ਅਮਰੀਕਾ ਰਹਿ ਰਹੇ ਮਨੀ ਭਿੰਡਰ ਲਈ ਕੰਮ ਕਰਦਾ ਸੀ ਅਤੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਇਨ੍ਹਾਂ ਤੋਂ ਇੱਕ 315 ਬੋਰ ਦੇਸੀ ਕੱਟਾ, ਇੱਕ 32 ਬੋਰ ਪਿਸਤੌਲ ਅਤੇ ਰੌਂਦ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।