ਚੰਡੀਗੜ੍ਹ/ਕਠੂਆ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਲਖ਼ਨਪੁਰ ਬਾਰਡਰ ’ਤੇ ਬੀਤੀ ਰਾਤ ਤੋਂ ਧਰਨਾ ਸ਼ੁਰੂ ਕੀਤਾ ਗਿਆ। ਮਾਨ ਆਪਣੇ ਸਾਥੀਆਂ ਨਾਲ ਕਠੂਆ ਵਿੱਚ ਦਾਖ਼ਲ ਹੋਣ ਲਈ ਬਾਰਡਰ ਤਕ ਪੁੱਜੇ ਤਾਂ ਜੰਮੂ-ਕਸ਼ਮੀਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਦੱਸਿਆ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ।
ਇਸ ਗੱਲ ਲਈ ਦੋ ਤਰਕ ਦਿੱਤੇ ਗਏ ਕਿ ਇਕ ਤਾਂ ਉਨ੍ਹਾਂ ਨੇ ਆਪਣੇ ਪ੍ਰੋਗਰਾਮ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ, ਕੋਈ ਮਨਜ਼ੂਰੀ ਨਹੀਂ ਲਈ ਅਤੇ ਦੂਜੇ ਉਨ੍ਹਾਂ ਦੇ ਰਾਜ ਅੰਦਰ ਦਾਖ਼ਲੇ ਨਾਲ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਹੈ।
ਇਸ ’ਤੇ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ ਤਾਂ ਸੜਕ ’ਤੇ ਹੀ ਮਾਹੌਲ ਗਰਮ ਹੋ ਗਿਆ। ਇਸ ਮੌਕੇ ਪੁਲਿਸ ਅਤੇ ਮਾਨ ਤੇ ਸਾਥੀਆਂ ਵਿੱਚਕਾਰ ਬਹਿਸ ਮੁਬਹਿਸਾ ਹੋਇਆ ਸਗੋਂ ਮਾਨ ਦੇ ਸਾਥੀਆਂ ਵੱਲੋਂ ਭਾਰੀ ਨਾਅਰੇਬਾਜ਼ੀ ਕੀਤੀ ਗਈ।
ਮਾਨ ਵੱਲੋਂ ਆਪਣੀ ਗੱਲ ਅਤੇ ਪੁਲਿਸ ਵੱਲੋਂ ਆਪਣੀ ਗੱਲ ’ਤੇ ਅੜੇ ਰਹਿਣ ’ਤੇ ਜਦ ਰਾਤ ਤਕ ਵੀ ਕੋਈ ਸਿੱਟਾ ਨਾ ਨਿਕਲਿਆ ਤਾਂ ਮਾਨ ਨੇ ਉੱਥੇ ਹੀ ਧਰਨਾ ਦੇ ਦਿੱਤਾ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਝਾ ਕੇ ਧਰਨੇ ਤੋਂ ਉਠਾਉਣ ਦੇ ਯਤਨ ਵੀ ਸਫ਼ਲ ਨਹੀਂ ਹੋਏ ਅਤੇ ਉਹ ਮੰਗਲਵਾਰ ਸਵੇਰ ਤਕ ਸੜਕ ’ਤੇ ਧਰਨਾ ਲਾਈ ਬੈਠੇ ਸਨ।
ਪਤਾ ਲੱਗਾ ਹੈ ਕਿ ਮਾਨ ਨੇ ਕਠੂਆ ਵਿੱਚ ਹੀ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਆਉਣਾ ਸੀ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਕਠੂਆ ਤਕ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ