Punjab Protest: ਪੰਜਾਬ ਭਰ ਵਿੱਚ ਅੱਜ ਹੱਕੀ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਲੈ ਕੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਆਂਗਾਵੜੀ ਮੁਲਜ਼ਮਾਂ ਵੱਲੋਂ ਸੁਲਤਾਨਪੁਰ ਦੇ ਤਲਵੰਡੀ ਪੁਲ ਨੂੰ ਜਾਮ ਕਰ ਦਿੱਤਾ। ਆਂਗਾਵੜੀ ਮੁਲਜ਼ਮਾਂ ਨੇ ਸੜਕ 'ਤੇ ਬੈਠ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਭਰ ਦੇ ਆਂਗਣਵਾੜੀ ਵਰਕਰਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਤੇ ਸਰਕਾਰ ਨੂੰ ਵਾਅਦੇ ਨਾ ਪੂਰੇ ਕਰਨ ਤੇ ਜੰਮ ਕੇ ਕੋਸਿਆ। ਆਂਗਣਵਾੜੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਭਰੋਸਾ ਦਵਾਇਆ ਗਿਆ ਸੀ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਨਾ ਹੀ ਪਿਛਲੀ ਸਰਕਾਰਾਂ ਨੇ ਤੇ ਨਾ ਹੀ ਨਵੀਂ ਬਣੀ ਸਰਕਾਰ ਵੱਲੋਂ ਉਨ੍ਹਾਂ ਦੀ ਬਾਂਹ ਫੜੀ ਗਈ।
ਇਸ ਕਾਰਨ ਅੱਜ ਉਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲੋਂ ਉਨ੍ਹਾਂ ਨੂੰ ਸਿਵਾਏ ਲਾਰਿਆਂ ਦੇ ਹੋਰ ਕੁਝ ਨਹੀਂ ਮਿਲਿਆ। ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਮੰਗਾ ਨੂੰ ਲੈ ਕੇ ਕੋਈ ਹਾਮੀ ਨਹੀਂ ਭਰੀ ਜਾਂਦੀ ਤਾਂ ਉਨ੍ਹਾਂ ਵੱਲੋਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜਿੰਮੇਵਾਰ ਸਿਰਫ ਸਰਕਾਰ ਹੋਵੇਗੀ।
ਦੱਸ ਦੇਈਏ ਇਸ ਮੌਕੇ ਆਗੂਆਂ ਦਾ ਕਹਿਣਾ ਹੈ ਕਿ ਆਈਸੀਡੀਐਸ ਸਕੀਮ ਨੂੰ 2 ਅਕਤੂਬਰ 1975 ਨੂੰ ਚਾਲੂ ਕੀਤਾ ਗਿਆ ਸੀ। ਇਸ ਸਕੀਮ ਵਿਚ 28 ਲੱਖ ਵਰਕਰਾਂ ਅਤੇ ਹੈਲਪਰਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਨੂੰ ਕੰਮ ਕਰਦਿਆਂ 47 ਸਾਲ ਬੀਤ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕੇਵਲ 4500 ਰੁਪਏ ਵਰਕਰ ਨੂੰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ। ਇਸ ਵਿਚ ਵੀ ਕੇਂਦਰ ਸਰਕਾਰ ਕੇਵਲ 60 ਫੀਸਦੀ ਹਿੱਸਾ ਹੀ ਪਾ ਰਹੀ ਹੈ ਜਦੋਂ ਕਿ ਬਾਕੀ 40 ਫੀਸਦੀ ਹਿੱਸਾ ਸੂਬਾ ਸਰਕਾਰਾਂ ਦਿੰਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਆਈ ਸੀ ਡੀ ਐਸ ਸਕੀਮ ਨੂੰ ਵਿਭਾਗ ਦਾ ਦਰਜਾ ਦਿੱਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਘੋਸ਼ਿਤ ਕੀਤਾ ਜਾਵੇ। ਹੈਲਪਰ ਨੂੰ ਚੌਥੇ ਦਰਜੇ ਦੇ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਵਰਕਰਾਂ ਨੂੰ 24 ਹਜ਼ਾਰ ਅਤੇ ਹੈਲਪਰਾਂ ਨੂੰ 18 ਹਜ਼ਾਰ ਰੁਪਏ ਭੱਤਾ ਦਿੱਤਾ ਜਾਵੇ। ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ।