ਚੰਡੀਗੜ੍ਹ: ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਜ਼ਿਸ਼ ਤਹਿਤ ਹਰਾਇਆ ਗਿਆ ਸੀ। ਜੇਜੇ ਸਿੰਘ ਨੇ 'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਦੀ ਸਾਜ਼ਿਸ਼ ਸੀ, ਕਿ ਉਨ੍ਹਾਂ ਨੂੰ ਚੋਣ ਨਾ ਜਿੱਤਣ ਦਿੱਤੀ ਜਾਵੇ। ਸੇਵਾਮੁਕਤ ਜਨਰਲ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨੂੰ ਵੱਡੀ ਭੁੱਲ ਵੀ ਦੱਸਿਆ। ਹੁਣ ਜੇਜੇ ਸਿੰਘ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣ ਚੁੱਕੇ ਹਨ।
ਆਰਮੀ ਚੀਫ ਤੇ ਗਵਰਨਰ ਵਰਗੇ ਵੱਡੇ ਅਹੁਦਿਆਂ ਤੋਂ ਬਾਅਦ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਜੇਜੇ ਸਿੰਘ ਨੇ ਕਿਹਾ ਕਿ ਚੋਣ ਲੜਨ ਦਾ ਮਕਸਦ ਸਿਰਫ਼ ਲੋਕ ਸੇਵਾ ਕਰਨਾ ਹੈ। ਉਨ੍ਹਾਂ ਦੀ ਹਾਲੇ ਤਕ ਕਿਸੇ ਨਾਲ ਕੋਈ ਵੀ ਗੱਲ ਨਹੀਂ ਹੋਈ ਪਰ ਜੇ ਪਾਰਟੀ ਕਹੇਗੀ ਤਾਂ ਉਹ ਚੋਣ ਲੜਨ ਨੂੰ ਤਿਆਰ ਹਨ। ਡਾ. ਧਰਮਵੀਰ ਗਾਂਧੀ ਨਾਲ ਗੱਲਬਾਤ ਫੇਲ੍ਹ ਹੋਣ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਡਾ. ਗਾਂਧੀ ਨਾਲ ਕੋਈ ਗੱਲ ਨਹੀਂ ਸੀ ਹੋਈ। ਸਿਰਫ਼ ਉਹ ਪਟਿਆਲਾ ਸੀਟ ਲਈ ਮਿਲ ਕੇ ਚੋਣ ਮੁਹਿੰਮ ਸ਼ੁਰੂ ਕਰਨ ਦੀ ਗੱਲ ਕੀਤੀ ਸੀ।
ਸਾਬਕਾ ਫ਼ੌਜ ਮੁਖੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪੱਲਾ ਫੜਨ ਮਗਰੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਤਾਕਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਵਿਰੋਧੀ ਜਿਨ੍ਹਾਂ ਬਾਰੇ ਪ੍ਰਚਾਰ ਕਰਦੇ ਸੀ ਕਿ ਤਿੰਨ ਬੰਦਿਆਂ ਦੀ ਪਾਰਟੀ ਹੈ, ਹੁਣ ਉਨ੍ਹਾਂ ਦੀ ਤਿੰਨ ਬੰਦਿਆਂ ਦੀ ਪਾਰਟੀ ਨਹੀਂ ਰਹੀ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਨਾਲ ਹੀ ਆਖਿਆ ਕਿ ਉਨ੍ਹਾਂ ਦਾ ਲੋਕ ਇਨਸਾਫ ਪਾਰਟੀ, ਪੰਜਾਬੀ ਏਕਤਾ ਪਾਰਟੀ ਤੇ ਬਸਪਾ ਆਦਿ ਪਾਰਟੀਆਂ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਸੁਖਪਾਲ ਸਿੰਘ ਖਹਿਰਾ ਕਰਕੇ ਉਨ੍ਹਾਂ ਨਾਲ ਗਠਜੋੜ ਤੋਂ ਪਿੱਛੇ ਹਟ ਰਹੀ ਹੈ। ਬ੍ਰਹਮਪੁਰਾ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਗੱਠਜੋੜ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜ ਸਕਦਾ ਹੈ।