ਬਰਨਾਲਾ: ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨਾਲ ਹੁਣ ਵੱਖ-ਵੱਖ ਵਰਗ ਜੁੜਦੇ ਜਾ ਰਹੇ ਹਨ। ਸਾਬਕਾ ਫੌਜੀਆਂ ਨੇ ਵੱਡੇ ਕਾਫਲੇ ਵਿੱਚ ਐਤਵਾਰ ਨੂੰ ਕੇਂਦਰ ਸਰਕਾਰ ਖਿਲਾਫ ਪੈਨਸ਼ਨ ਕਟੌਤੀ ਨੂੰ ਲੈ ਕੇ ਕਿਸਾਨ ਸੰਗਠਨਾਂ ਦਾ ਸਮਰਥਨ ਕੀਤਾ ਤੇ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਤਕਰੀਬਨ ਢੇਡ ਸੌ ਫੌਜੀ ਪਰਿਵਾਰਾਂ ਨੇ ਬਰਨਾਲਾ ਰੇਲਵੇ ਸਟੇਸ਼ਨ ਦੇ ਬਾਹਰ ਧਰਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਸਾਬਕਾ ਫੌਜੀਆਂ ਨੇ ਸਾਬਕਾ ਫੌਜੀ ਜਨਰਲ ਬਿਪਿਨ ਰਾਵਤ ਵੱਲੋਂ ਕੇਂਦਰ ਸਰਕਾਰ ਨੂੰ ਭੇਜੀਆਂ ਗਈਆਂ ਪ੍ਰੋਪੋਜ਼ਲ ਦੀਆਂ ਕਾਪੀਆਂ ਨੂੰ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ।


ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫੌਜੀ ਵਿੰਗ ਦੇ ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ, "ਜੇਕਰ ਉਨ੍ਹਾਂ ਦੀ ਪੈਨਸ਼ਨ ਨਾਲ ਕੋਈ ਛੇੜਛਾੜ ਕੀਤੀ ਗਈ ਤਾਂ ਇਸ ਦੇ ਨਤੀਜੇ ਸਕਰਾਰ ਨੂੰ ਭੁਗਤਨੇ ਪੈਣਗੇ। ਬਿਪਿਨ ਰਾਵਤ ਨੇ ਕੇਂਦਰ ਸਰਕਾਰ ਨੂੰ ਇੱਕ ਪ੍ਰੋਪੋਜ਼ਲ ਭੇਜੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਰੱਖਿਆ ਬਜਟ ਕਾਫੀ ਜ਼ਿਆਦਾ ਹੈ ਤੇ ਇਸ ਵਿੱਚ ਵੱਡਾ ਹਿੱਸਾ ਤਕਰੀਬਨ 28 ਫੀਸਦ ਸਾਬਕਾ ਫੌਜੀਆਂ ਦੀ ਪੈਨਸ਼ਨ ਦਾ ਹੈ। ਇਸ ਦੀ ਕਟੌਤੀ ਕਰਨ ਦੀ ਗੱਲ ਕਹੀ ਗਈ ਹੈ।"

ਸਿੱਧੂ ਨੇ ਕਿਹਾ, "ਇਹ ਬੇਹੱਦ ਗੰਭੀਰ ਮਾਮਲਾ ਹੈ। ਇੱਕ ਫੌਜੀ ਆਪਣੇ ਪੂਰੀ ਜ਼ਿੰਦਗੀ ਦਾਅ ਤੇ ਲੈ ਕੇ ਦੇਸ਼ ਦੀ ਰੱਖਿਆ ਕਰਦਾ ਹੈ। ਫੌਜੀਆਂ ਦੇ ਬਾਰੇ ਸਰਕਾਰ ਦਾ ਅਜਿਹੀ ਮਾਨਸਿਕਤਾ ਸਰਕਾਰ ਦੇ ਪਤਨ ਦਾ ਕਾਰਨ ਬਣ ਸਕਦੀ ਹੈ। ਜੇ ਕਟੌਤੀ ਕਰਨੀ ਹੈ ਤਾਂ ਐਮਐਲਏ ,ਐਮਪੀ ਤੇ ਹੋਰ ਮੰਤਰੀ ਦੀ ਕਰੋ ਜੋ ਬਿਨ੍ਹਾਂ ਮਤਲਬ ਦੇ ਪੈਨਸ਼ਨ ਲੈ ਰਹੇ ਹਨ।"