Punjab Politics: ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ 'ਤੇ ਹੁਣ ਸਫਾਈ ਦਿੱਤੀ ਹੈ। ਚੰਨੀ ਨੇ ਕਿਹਾ- ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।
ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਜਿਹਾ ਹੀ ਹਮਲਾ ਹੋਇਆ ਸੀ ਪਰ ਭਾਜਪਾ ਵੱਲੋਂ ਇਸ ਦੀ ਜਾਂਚ ਨਹੀਂ ਕੀਤੀ ਗਈ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਹਮਲੇ ਵਿੱਚ ਕੌਣ-ਕੌਣ ਸ਼ਾਮਲ ਸਨ। ਚੰਨੀ ਨੇ ਕਿਹਾ- ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਪਿਛਲੇ ਹਮਲੇ ਬਾਰੇ ਕਿਹਾ ਸੀ ਕਿ ਅਜਿਹੇ ਹਮਲੇ ਦੁਬਾਰਾ ਹੋ ਸਕਦੇ ਹਨ ਪਰ ਸਰਕਾਰ ਨੇ ਉਕਤ ਸ਼ਿਕਾਇਤ ਦੀ ਸਾਰ ਨਹੀਂ ਲਈ।
ਸੁਨੀਲ ਜਾਖੜ ਨੇ ਮੰਗਿਆ ਸੀ PM ਦਾ ਅਸਤੀਫ਼ਾ
ਚੰਨੀ ਨੇ ਕਿਹਾ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਿਛਲੇ ਹਮਲੇ ਨੂੰ ਲੈ ਕੇ ਪੀਐਮ ਮੋਦੀ ਤੋਂ ਅਸਤੀਫਾ ਮੰਗਿਆ ਸੀ। ਇਹ ਹਮਲਾ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਇਹ ਬਿਆਨ ਜਾਖੜ ਨੇ ਸਟੇਜ 'ਤੇ ਦਿੱਤਾ ਸੀ। ਚੰਨੀ ਨੇ ਕਿਹਾ- ਜਾਖੜ ਦਾ ਕੋਈ ਸਟੈਂਡ ਨਹੀਂ ਹੈ। ਚੰਨੀ ਨੇ ਕਿਹਾ- ਜਦੋਂ ਮੇਰੇ ਦੇਸ਼ ਦੇ ਜਵਾਨ ਸ਼ਹੀਦ ਹੁੰਦੇ ਹਨ ਤਾਂ ਮੈਨੂੰ ਦੁੱਖ ਹੁੰਦਾ ਹੈ ਪਰ ਭਾਜਪਾ ਇਸ ਨੂੰ ਆਪਣਾ ਸਟੰਟ ਬਣਾ ਰਹੀ ਹੈ।
ਕਿਵੇਂ ਸ਼ੁਰੂ ਹੋਇਆ ਸੀ ਵਿਵਾਦ
ਚੰਨੀ ਨੇ ਕਿਹਾ ਸੀ ਕਿ ਪੁੰਛ ਹਮਲਾ ਭਾਜਪਾ ਦਾ ਸਟੰਟ ਹੈ। ਕੇਂਦਰ ਸਰਕਾਰ ਹਰ ਵਾਰ ਅਜਿਹਾ ਡਰਾਮਾ ਕਰਦੀ ਰਹੀ ਹੈ। ਇਹ ਪਹਿਲਾਂ ਤੋਂ ਯੋਜਨਾਬੱਧ ਸਟੰਟ ਹਨ ਅਤੇ ਭਾਜਪਾ ਨੂੰ ਜਿਤਾਉਣ ਲਈ ਕੀਤੇ ਗਏ ਹਨ। ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਦਾ ਕੰਮ ਹੈ।ਇਨ੍ਹਾਂ ਬਿਆਨਾਂ ਕਾਰਨ ਚੰਨੀ ਨੂੰ ਪਿਛਲੇ 24 ਘੰਟਿਆਂ ਤੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਚੰਨੀ ਨੇ ਵੀਡੀਓ ਜਾਰੀ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।