ਮੋਹਾਲੀ ਦੇ ਲਾਲੜੂ ਵਿੱਚ ਕਲੋਰੀਨ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਕਾਰਨ ਸਾਰੀ ਗੈਸ ਇਲਾਕੇ ਵਿੱਚ ਫੈਲ ਗਈ। ਜਿਸ ਕਾਰਨ ਕਈ ਬੱਚੇ ਬਜ਼ੁਰਗ ਤੇ ਹੋਰ ਲੋਕ ਬੇਹੋਸ਼ ਹੋ ਗਏ। ਇਹ ਘਟਨਾ ਚੌਧਰੀ ਕਲੋਨੀ ਵਿੱਚ ਵਾਪਰੀ ਹੈ। ਕਲੋਰੀਨ ਗੈਸ ਸਿਲੰਡਰ ਕਲੋਨੀ ਵਿੱਚ ਬਣੀ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚ ਰੱਖਿਆ ਹੋਇਆ ਸੀ। ਜਿਸ ਵਿੱਚ ਅਚਾਨਕ ਧਮਾਕਾ ਹੋ ਗਿਆ।
ਟੈਂਕੀ ਨੇੜੇ ਰਹਿੰਦੇ ਕਰੀਬ 20 ਲੋਕ ਗੈਸ ਦੀ ਲਪੇਟ 'ਚ ਆ ਗਏ। ਪਿੰਡ ਵਾਸੀਆਂ ਨੇ ਸਾਰਿਆਂ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਅਤੇ ਤਿੰਨ ਸਾਲ ਦੀ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚੋਂ ਅਚਾਨਕ ਗੈਸ ਲੀਕ ਹੋਣ ਕਾਰਨ ਦਹਿਸ਼ਤ ਫੈਲ ਗਈ। ਕੁਝ ਹੀ ਦੇਰ 'ਚ ਟੈਂਕੀ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ 'ਚ ਜਲਨ ਅਤੇ ਸਾਹ ਲੈਣ 'ਚ ਮੁਸ਼ਕਿਲ ਹੋਣ ਲੱਗੀ। ਇਸ ਤੋਂ ਪਹਿਲਾਂ ਕਿ ਕੁਝ ਸਮਝ ਆਉਂਦੀ ਉਦੋਂ ਤੱਕ ਕਈ ਬੱਚੇ, ਔਰਤਾਂ ਅਤੇ ਬਜ਼ੁਰਗ ਬੇਹੋਸ਼ ਹੋ ਗਏ। ਹਵਾ ਦਾ ਰੁਖ ਘਰਾਂ ਵੱਲ ਹੋਣ ਕਾਰਨ ਆਸਪਾਸ ਦੇ ਲੋਕਾਂ 'ਤੇ ਗੈਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ।
ਬੇਹੋਸ਼ ਹੋਏ ਲੋਕਾਂ ਨੂੰ ਤੁਰੰਤ ਲਾਲੜੂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਲੋਕਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਨਾ ਮਿਲਣ ਕਾਰਨ ਸਾਰਿਆਂ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਠੇਕੇਦਾਰ ਨਾਲ ਕੰਮ ਕਰਦੇ ਟਿਊਬਵੈੱਲ ਅਪਰੇਟਰ ਸੰਦੀਪ ਨੇ ਦੱਸਿਆ ਕਿ ਕਲੋਰੀਨ ਗੈਸ ਦਾ ਸਿਲੰਡਰ ਕਰੀਬ ਸੱਤ-ਅੱਠ ਸਾਲਾਂ ਤੋਂ ਲਾਵਾਰਸ ਪਿਆ ਸੀ। ਸੋਮਵਾਰ ਤੜਕੇ ਕਰੀਬ 3 ਵਜੇ ਸਿਲੰਡਰ 'ਚ ਅਚਾਨਕ ਧਮਾਕਾ ਹੋਇਆ। ਚਾਰੇ ਪਾਸੇ ਚਿੱਟਾ ਧੂੰਆਂ ਫੈਲ ਗਿਆ। ਗੈਸ ਕਾਰਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਦਮ ਘੁੱਟਣ ਲੱਗ ਪਿਆ, ਉਨ੍ਹਾਂ ਦੀਆਂ ਅੱਖਾਂ ਵਿੱਚ ਜਲਨ ਹੋਣ ਲੱਗੀ। ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ। ਉਹ ਆਪਣੀ ਕਾਰ ਵਿੱਚ ਛੇ ਲੋਕਾਂ ਨਾਲ ਹਸਪਤਾਲ ਪਹੁੰਚਿਆ।
Join Our Official Telegram Channel : -
https://t.me/abpsanjhaofficial