ਪੰਜਾਬ 'ਚ ਮਿਲਾਵਟੀ ਖਾਦ ਵੇਚਣ ਦੇ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਾਫ਼ੀ ਵੱਧ ਗਏ ਹਨ। ਮਿਲਾਵਟਖੋਰ ਲੋਕ ਇਸ ਤਰ੍ਹਾਂ ਕਿਸਾਨਾਂ ਦੀ ਸਿਹਤ ਤੇ ਫਸਲਾਂ ਨਾਲ ਖੇਡ ਰਹੇ ਹਨ। ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ।

Continues below advertisement

ਲਾਇਸੈਂਸ ਮੁਅੱਤਲ ਸਣੇ FIR ਦਰਜ

ਸਰਕਾਰ ਨੇ ਖਾਦ ਦੀ ਕਾਲਾਬਾਜ਼ਾਰੀ, ਜਮਾਖੋਰੀ ਅਤੇ ਮਿਲਾਵਟ ਦਾ ਪਤਾ ਲਗਾਉਣ ਲਈ ਨੌਂ ਮਹੀਨਿਆਂ ਤੱਕ ਜਾਂਚ ਕੀਤੀ। ਇਸ ਦੌਰਾਨ ਘਟੀਆ ਅਤੇ ਮਿਲਾਵਟੀ ਖਾਦ ਦੇ 192 ਕੇਸ ਸਾਹਮਣੇ ਆਏ। ਵਿਭਾਗ ਨੇ 65 ਮਾਮਲਿਆਂ ‘ਚ ਵਿਕ੍ਰੇਤਿਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਤੇ 3 ਮਾਮਲਿਆਂ ‘ਚ ਐਫਆਈਆਰ (FIR) ਦਰਜ ਕਰਵਾਈ।

Continues below advertisement

ਇਸੇ ਤਰ੍ਹਾਂ ਖਾਦ ਦੀ ਕਾਲਾਬਾਜ਼ਾਰੀ ਦੇ 37 ਮਾਮਲਿਆਂ ‘ਚ ਨੋਟਿਸ ਜਾਰੀ ਕੀਤਾ ਗਿਆ ਅਤੇ ਇਕ ਲਾਇਸੈਂਸ ਮੁਅੱਤਲ ਕਰਨ ਦੇ ਨਾਲ ਐਫਆਈਆਰ ਵੀ ਦਰਜ ਕੀਤੀ ਗਈ।ਵਿਭਾਗ ਨੇ ਜਮਾਖੋਰੀ ਦੇ 20 ਮਾਮਲਿਆਂ ਵਿੱਚ ਵੀ ਕਾਰਵਾਈ ਕੀਤੀ।

ਜੇ ਪਿਛਲੇ ਛੇ ਸਾਲਾਂ (2019-20 ਤੋਂ 2024-25) ਦਾ ਰਿਕਾਰਡ ਵੇਖੀਏ ਤਾਂ ਘਟੀਆ ਖਾਦ ਦੇ 1152 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ 16 ਮਾਮਲੇ ਨਕਲੀ ਖਾਦ ਦੇ ਵੀ ਪਕੜੇ ਗਏ ਹਨ।

ਨਕਲੀ, ਘਟੀਆ ਅਤੇ ਹੇਠਲੇ ਦਰਜੇ ਦੇ ਖਾਦ ਦੀ ਵਿਕਰੀ ‘ਚ ਸਰਕਾਰ ਕੋਲ FCO 1985 ਅਧੀਨ ਪ੍ਰਸ਼ਾਸਨਿਕ ਕਾਰਵਾਈ ਕਰਨ ਅਤੇ Essential Commodities Act 1955 ਤਹਿਤ ਜੁਰਮਾਨਾ ਲਗਾਉਣ ਦਾ ਅਧਿਕਾਰ ਵੀ ਹੈ।

ਕ੍ਰਿਸ਼ੀ ਵਿਭਾਗ ਨੇ ਬਣਾਈਆਂ ਪੰਜ ਟੀਮਾਂ

ਕ੍ਰਿਸ਼ੀ ਵਿਭਾਗ ਨੇ ਘਟੀਆ ਕੀਟਨਾਸ਼ਕ ਅਤੇ ਖਾਦ ਦਾ ਪਤਾ ਲਗਾਉਣ ਲਈ ਪੰਜ ਖ਼ਾਸ ਟੀਮਾਂ ਤਿਆਰ ਕੀਤੀਆਂ ਹਨ। ਇਸ ਸਾਲ ਅਪ੍ਰੈਲ ਅਤੇ ਜੂਨ ‘ਚ ਵਿਭਾਗ ਵੱਲੋਂ ਖ਼ਾਸ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ 737 ਖਾਦ ਦੇ ਨਮੂਨੇ ਲਈ ਗਏ ਸਨ ਅਤੇ 11 ਮਾਮਲੇ ਘਟੀਆ ਖਾਦ ਦੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 2 ਮਾਮਲਿਆਂ ‘ਚ ਏਫਆਈਆਰ ਵੀ ਦਰਜ ਕਰਵਾਈ ਗਈ।

ਇਸੇ ਤਰ੍ਹਾਂ ਐਸ.ਬੀ.ਐਸ. ਨਗਰ ਜ਼ਿਲ੍ਹੇ ‘ਚ ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਵਿਭਾਗ ਨੇ ਡੀ.ਏ.ਪੀ. (ਡਾਈ-ਅਮੋਨਿਅਮ ਫਾਸਫੇਟ) ਖਾਦ ਦੀਆਂ 50-50 ਕਿਲੋ ਦੀਆਂ 23 ਬੋਰੀਆਂ ਜਬਤ ਕੀਤੀਆਂ ਸਨ। ਜਾਂਚ ‘ਚ ਪਤਾ ਲੱਗਾ ਸੀ ਕਿ ਇਨ੍ਹਾਂ ‘ਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਮਾਤਰਾ ਘੱਟ ਸੀ।

ਨਕਲੀ ਖਾਦ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ 

ਕ੍ਰਿਸ਼ੀ ਵਿਭਾਗ ਦੇ ਮਾਹਿਰ ਦੱਸਦੇ ਹਨ ਕਿ ਨਕਲੀ ਜਾਂ ਮਿਲਾਵਟੀ ਖਾਦ ਵਿੱਚ ਅਕਸਰ ਮਿਆਰ ਤੋਂ ਵੱਧ ਰਸਾਇਣ ਤੇ ਧਾਤਾਂ ਮਿਲੀਆਂ ਹੁੰਦੀਆਂ ਹਨ। ਇਹ ਸਰੀਰ ਲਈ ਬਹੁਤ ਖਤਰਨਾਕ ਹੁੰਦੀਆਂ ਹਨ ਅਤੇ ਸਾਹ ਦੇ ਰੋਗ, ਪਾਚਣ ਤੰਤਰ ਦੀ ਗੜਬੜ, ਗੁਰਦੇ ਨੂੰ ਨੁਕਸਾਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।ਇਸ ਤੋਂ ਇਲਾਵਾ, ਇਹ ਫਸਲ ਦੀ ਗੁਣਵੱਤਾ ਘਟਾ ਦਿੰਦੀ ਹੈ ਅਤੇ ਪੈਦਾਵਾਰ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਜਿਸ ਕਰਕੇ ਹਰ ਪੱਖ ਤੋਂ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ।