ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖੰਨਾ ਦੇ ਬਾਹੋਮਾਜਰਾ ਪਿੰਡ 'ਚ ਚੱਲਦੀ ਨਕਲੀ ਸ਼ਰਾਬ ਫ਼ੈਕਟਰੀ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੱਧੀ ਨਿਗਰਾਨੀ ਹੇਠ ਸਮਾਂਬੱਧ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਕਈ ਮਹੀਨਿਆਂ ਤੋਂ ਐਨੇ ਵੱਡੇ ਪੱਧਰ 'ਤੇ ਚੱਲ ਰਹੇ ਨਕਲੀ ਸ਼ਰਾਬ ਦੇ ਗੋਰਖ-ਧੰਦੇ 'ਚ ਸ਼ਾਮਲ ਸਾਰੇ ਪ੍ਰਤੱਖ-ਅਪ੍ਰਤੱਖ ਬੰਦਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣ ਸਕੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਕਲੀ ਸ਼ਰਾਬ ਦਾ ਐਨੇ ਵੱਡੇ ਪੱਧਰ 'ਤੇ ਕਾਲਾ ਧੰਦਾ ਪੁਲਿਸ-ਪ੍ਰਸ਼ਾਸਨ ਤੇ ਸਿਆਸੀ ਪੁਸ਼ਤ ਪਨਾਹੀ ਤੋਂ ਬਗੈਰ ਮੁਮਕਿਨ ਨਹੀਂ। ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਇਹ ਕੇਸ ਪਰਖ ਦੀ ਕਸੌਟੀ ਸਾਬਤ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਬਚਾਉਣਗੇ ਜਾਂ ਫਿਰ ਸਰਕਾਰੀ ਖ਼ਜ਼ਾਨੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਕੇ ਕਰੋੜਾਂ ਰੁਪਏ ਬਣਾ ਰਹੇ ਇਸ ਸ਼ਰਾਬ ਮਾਫ਼ੀਆ ਦਾ ਬਚਾਅ ਕਰਨਗੇ?
ਚੀਮਾ ਨੇ ਕਿਹਾ ਕਿ ਬਤੌਰ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਬਹੁਗਿਣਤੀ ਆਮ ਜਨਤਾ ਨੂੰ ਪੰਜਾਬ ਪੁਲਿਸ ਦੇ ਮਾਮਲਿਆਂ 'ਚ ਸਿਆਸੀ ਲੋਕਾਂ ਖ਼ਾਸ ਕਰਕੇ ਸੱਤਾਧਾਰੀਆਂ ਦੇ ਹੱਦੋਂ-ਵੱਧ ਅਤੇ ਸਿੱਧੇ ਦਖ਼ਲ ਬਾਰੇ ਚੰਗੀ ਤਰਾਂ ਪਤਾ ਹੈ। ਬੇਸ਼ੱਕ ਖੰਨਾ ਪੁਲਿਸ ਦੇ ਸਬੰਧਤ ਐਸਐਚਓ ਨੇ ਦਲੇਰੀ ਭਰੀ ਕਾਰਵਾਈ ਕਰਕੇ ਇਸ ਨਕਲੀ ਸ਼ਰਾਬ ਦੀ ਫ਼ੈਕਟਰੀ ਦਾ ਭਾਂਡਾ ਭੰਨ੍ਹਿਆ ਹੈ ਪਰ ਇਹ ਵੀ ਅਪੁਸ਼ਟ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਸਬੰਧਤ ਥਾਣੇ ਦਾ ਇਸ ਤੋਂ ਪਹਿਲਾਂ ਐਸਐਚਓ ਇਸ ਨਕਲੀ ਸ਼ਰਾਬ ਗਰੋਹ ਦਾ ਹਿੱਸੇਦਾਰ ਸੀ।