ਫ਼ਰੀਦਕੋਟ ਦਾ ਨੌਜਵਾਨ ਮਲੇਸ਼ੀਆ 'ਚ ਲਾਪਤਾ, ਭੈਣ ਨੂੰ ਅਗ਼ਵਾ ਕੀਤੇ ਹੋਣ ਦਾ ਖ਼ਦਸ਼ਾ
ਏਬੀਪੀ ਸਾਂਝਾ | 03 Jan 2018 12:49 PM (IST)
ਫ਼ਰੀਦਕੋਟ: ਚਾਰ ਸਾਲ ਪਹਿਲਾਂ ਕੰਮਕਾਰ ਦੀ ਤਲਾਸ਼ ਵਿੱਚ ਮਲੇਸ਼ੀਆ ਗਏ ਜ਼ਿਲ੍ਹੇ ਦੇ ਪਿੰਡ ਬਿਸ਼ਨੰਦੀ ਦਾ ਨੌਜਵਾਨ ਲਛਮਣ ਸਿੰਘ ਦੇ ਉੱਥੇ ਲਾਪਤਾ ਹੋ ਜਾਣ ਦੀ ਖ਼ਬਰ ਆਈ ਹੈ। ਇਸ ਦਲਿਤ ਨੌਜਵਾਨ ਦੀ ਭੈਣ ਗੁਰਮੀਤ ਕੌਰ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਅਗ਼ਵਾ ਕੀਤਾ ਹੋਇਆ ਹੈ। ਗੁਰਮੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਉਸ ਦੇ ਭਰਾ ਦੇ ਸਾਥੀਆਂ ਦਾ ਫ਼ੋਨ ਆਇਆ ਸੀ ਕਿ ਲਛਮਣ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਤੁਸੀਂ ਹਵਾਈ ਟਿਕਟ ਲਈ ਪੈਸੇ ਭੇਜ ਦਓ ਅਸੀਂ ਉਸ ਨੂੰ ਘਰ (ਪੰਜਾਬ) ਵਾਪਸ ਭੇਜ ਦਿਆਂਗੇ। ਉਸ ਨੇ ਦੱਸਿਆ ਕਿ ਉਹ ਲੜਕੇ ਉਨ੍ਹਾਂ ਦੀ ਉਸ ਦੇ ਭਰਾ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਵਾਉਂਦੇ ਸਨ। 1-2 ਮਿੰਟ ਬਾਅਦ ਫ਼ੋਨ ਕੱਟ ਦਿੰਦੇ ਸਨ। ਗੁਰਮੀਤ ਕੌਰ ਨੇ ਦੱਸਿਆ ਕਿ ਹੁਣ ਉਹ ਲੜਕੇ ਤਕਰੀਬਨ 5 ਦਿਨ ਪਹਿਲਾਂ ਲਛਮਣ ਸਿੰਘ ਦੇ ਰਾਤ ਸਮੇਂ ਕਿਤੇ ਚਲੇ ਜਾਣ ਦੀ ਗੱਲ ਕਹਿ ਰਹੇ ਹਨ ਤੇ ਉਹ ਉਸ ਦੇ ਭਰਾ ਬਾਰੇ ਕੁਝ ਵੀ ਦੱਸ ਨਹੀਂ ਰਹੇ। ਲਛਮਣ ਦੀ ਭੈਣ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਦੇ ਭਰਾ ਨੂੰ ਉਨ੍ਹਾਂ ਮੁੰਡਿਆਂ ਨੇ ਹੀ ਬੰਦੀ ਬਣਾਇਆ ਹੋਇਆ ਹੈ। ਉਸ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਲਛਮਣ ਨੂੰ ਮਲੇਸ਼ੀਆ ਵਿੱਚ ਤਲਾਸ਼ ਕੇ ਵਾਪਸ ਭਾਰਤ ਭੇਜਣ ਲਈ ਚਾਰਾਜੋਈ ਕਰੇ। ਉਸ ਨੇ ਇਹ ਵੀ ਦੱਸਿਆ ਕਿ 16 ਦਸੰਬਰ 2017 ਨੂੰ ਲਛਮਣ ਦੇ ਪਾਸਪੋਰਟ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।