Faridkot Jail Mobile Phone :  ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਇੱਕ ਵਾਰ ਫਿਰ 6 ਮੋਬਾਈਲ ਬਰਾਮਦ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਇੱਕ ਮੋਬਾਈਲ ਨਸ਼ਾ ਤਸਕਰ ਅਰਵਿੰਦਰ ਸਿੰਘ ਵਾਸੀ ਤਰਨਤਾਰਨ ਤੋਂ ਵੀ ਬਰਾਮਦ ਹੋਇਆ ਹੈ, ਜੋ ਕੁਝ ਦਿਨ ਪਹਿਲਾਂ ਜੇਲ੍ਹ ਛੱਡ ਕੇ ਆਇਆ ਸੀ। ਜਿਸ ਨੇ ਜੇਲ੍ਹ 'ਚੋਂ ਕੁੱਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੂੰ ਫੋਨ ਕਰਕੇ ਧਮਕੀਆਂ ਵੀ ਦਿੱਤੀਆਂ ਸੀ। 

 

ਇਸ ਸਬੰਧੀ ਹਾਈਕੋਰਟ 'ਚ ਪ੍ਰੈਕਟਿਸ ਕਰ ਰਹੇ ਅੰਬਾਲਾ ਦੇ ਵਕੀਲ ਸਾਹਿਲ ਗੋਇਲ ਨੇ ਅੰਬਾਲਾ ਪੁਲਿਸ ਕੋਲ ਕੇਸ ਦਾਇਰ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਪਿਛਲੇ ਸਾਲ ਫ਼ਰੀਦਕੋਟ ਜੇਲ੍ਹ 'ਚ ਬੰਦ ਨਸ਼ਾ ਤਸਕਰ ਅਰਵਿੰਦਰ ਸਿੰਘ ਦੀ ਹਾਈਕੋਰਟ 'ਚ ਜ਼ਮਾਨਤ ਲਗਾਈ ਸੀ, ਜੋ ਰੱਦ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਦੁਬਾਰਾ ਜ਼ਮਾਨਤ ਲਈ ਅਰਜ਼ੀ ਦਿੱਤੀ ਪਰ ਉਸ ਨੂੰ ਵੀ ਜੱਜ ਨੇ ਸਵੀਕਾਰ ਨਹੀਂ ਕੀਤਾ। ਇਸ ਤੋਂ ਬਾਅਦ ਅਰਵਿੰਦਰ ਸਿੰਘ ਨੇ ਉਸ ਨੂੰ ਫਰੀਦਕੋਟ ਜੇਲ ਤੋਂ ਫੋਨ ਕਰਕੇ ਜ਼ਮਾਨਤ ਨਾ ਮਿਲਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੇ ਭਰਾ ਨੇ ਵੀ ਉਸ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ। 

 


 

ਇਸ ਸਬੰਧੀ ਸੂਚਨਾ ਮਿਲਣ 'ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕਾਂ ਦੀ ਤਲਾਸ਼ੀ ਲਈ ਗਈ ਤਾਂ ਅਰਵਿੰਦਰ ਸਿੰਘ ਸਮੇਤ ਕੁੱਲ 4 ਹਵਾਲਾਤੀਆਂ ਕੋਲੋਂ 2 ਮੋਬਾਈਲ ਅਤੇ 4 ਸਿਮ ਬਰਾਮਦ ਹੋਏ ਹਨ, ਜਦਕਿ ਚਾਰ ਟੱਚ ਸਕਰੀਨ ਮੋਬਾਈਲ ਲਾਵਾਰਿਸ ਹਾਲਤ 'ਚ ਮਿਲੇ ਹਨ। ਇਸ ਮਾਮਲੇ 'ਚ ਥਾਣਾ ਕੋਤਵਾਲੀ ਦੇ ਐੱਸਐੱਚਓ ਸੰਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੁਲਿਸ ਨੇ 4 ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਨਾਮਜ਼ਦ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਕੀਲ ਨੂੰ ਧਮਕੀਆਂ ਦੇਣ ਵਾਲੇ ਹਵਾਲਾਤੀ ਬਾਰੇ ਜੇਲ੍ਹ ਪ੍ਰਸ਼ਾਸਨ ਨੇ ਪੁਲੀਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਹੈ।


ਦੂਜੇ ਪਾਸੇ ਇਸ ਮਾਮਲੇ ਸਬੰਧੀ ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਵਕੀਲ ਨੂੰ ਧਮਕੀਆਂ ਦੇਣ ਦੇ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਉਕਤ ਹਵਾਲਾਤੀ ਅਰਵਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਛੋਟਾ ਜਿਹਾ ਮੋਬਾਈਲ ਫ਼ੋਨ ਮਿਲਿਆ। ਉਨ੍ਹਾਂ ਦੱਸਿਆ ਕਿ ਪੇਸ਼ੀ ’ਤੇ ਆਉਂਦੇ ਸਮੇਂ ਹਵਾਲਾਤੀ ਆਪਣੇ ਪ੍ਰਾਈਵੇਟ ਪਾਰਟ ’ਚ ਮੋਬਾਈਲ
   ਲੁਕੋ ਕੇ ਲਿਆ ਰਹੇ ਹਨ ਅਤੇ ਬਾਹਰਲੀ ਕੰਧ ਛੋਟੀ ਹੋਣ ਕਾਰਨ ਸੁੱਟ ਕੇ ਵੀ ਮੋਬਾਈਲ ਪਹੁੰਚ ਰਹੇ ਹਨ। ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਸੁਧਰ ਜਾਣਗੇ।