ਫਰੀਦਕੋਟ: ਸੀਆਈਏ ਸਟਾਫ ਫ਼ਰੀਦਕੋਟ ਨੇ ਨਾਕੇਬੰਦੀ ਦੌਰਾਨ ਨਕਲੀ ਨੋਟ ਛਾਪਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੋਲੋਂ ਨਾਜਾਇਜ਼ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਤੇ ਤਿੰਨ ਲੱਖ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਿਅਕਤੀ ਨੋਟ ਛਾਪਣ ਲਈ ਆਪਣੇ ਪ੍ਰਿੰਟਰ ਤੇ ਲੈਪਟਾਪ ਦੀ ਵਰਤੋਂ ਕਰਦਾ ਸੀ।


ਸੀਆਈਏ ਇਨਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਉਨ੍ਹਾਂ ਬਲਜਿੰਦਰ ਸਿੰਘ ਨਾਂ ਦੇ ਸ਼ੱਕੀ ਬੰਦੇ ਨੂੰ ਪੁੱਛਗਿੱਛ ਲਈ ਰੋਕਿਆ। ਤਲਾਸ਼ੀ ਦੌਰਾਨ ਉਸ ਕੋਲੋਂ ਉਕਤ ਚੀਜ਼ਾਂ ਬਰਾਮਦ ਹੋਈਆਂ। ਮੁਲਜ਼ਮ ਕਸਬਾ ਜੈਤੋ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਪਹਿਲੀ ਨਜ਼ਰ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਕਰੰਸੀ ਨਕਲੀ ਹੈ। ਮੁਲਜ਼ਮ ਖਿਲਾਫ ਥਾਣਾ ਬਾਜਾਖਾਨਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਸ਼ੁਰੂਆਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ ਤੇ ਕੰਪਿਊਟਰ ਦੀ ਵੀ ਚੰਗੀ ਜਾਣਕਾਰੀ ਰੱਖਦਾ ਹੈ। ਉਹ ਲੈਪਟਾਪ ਤੇ ਪ੍ਰਿੰਟਰ ਦੀ ਮਦਦ ਨਾਲ ਨਕਲੀ ਨੋਟ ਤਿਆਰ ਕਰਦਾ ਸੀ। ਚਮਕਦਾਰ ਲਕੀਰ ਲਈ ਇਸ ਨੇ ਇੱਕ ਟੇਪ ਦਾ ਇਸਤੇਮਾਲ ਕੀਤਾ। ਪੁਲਿਸ ਨੇ 23 ਅਪਰੈਲ ਤੱਕ ਪੁਲਿਸ ਰਿਮਾਂਡ 'ਤੇ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।