Barnala News : ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਖਿਲਾਫ ਦਰਜ ਕੇਸ ਰੱਦ ਕਰਵਾਉਣ ਲਈ ਅੱਜ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਐੱਸਐੱਸਪੀ ਬਰਨਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਨਾ ਸਿੱਧੂ 'ਤੇ ਐੱਸਸੀ/ਐੱਸਟੀ ਧਾਰਾ ਹਟਾਉਣ ਦੀ ਮੰਗ ਕੀਤੀ ਹੈ ਧਰਨੇ ਵਿੱਚ ਬੀਕੇਯੂ ਡਕੌਂਦਾ ਦੇ ਵਰਕਰ ,ਲੱਖਾ ਸਿਧਾਣਾ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਪੁੱਜੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਭਾਨਾ ਸਿੱਧੂ 'ਤੇ ਝੂਠਾ ਮਾਮਲਾ ਦਰਜ ਕੀਤਾ ਹੈ, ਇਸ ਮਾਮਲੇ 'ਚ ਐਸ.ਸੀ.ਐਸ.ਟੀ ਦੀ ਧਾਰਾ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਸਰਕਾਰ ਦੀਆਂ ਨਾਕਾਮੀਆਂ ਅਤੇ ਸਮਾਜਿਕ ਮੁੱਦਿਆਂ 'ਤੇ ਆਵਾਜ਼ ਉਠਾਉਂਦਾ ਹੈ, ਇਸੇ ਸਾਜਿਸ਼ ਤਹਿਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਧਰਨਾਕਾਰੀਆਂ ਨੇ ਪਰਚਾ ਰੱਦ ਨਾ ਹੋਣ ’ਤੇ ਇਸ ਸੰਘਰਸ਼ ਨੂੰ ਪੱਕੇ ਮੋਰਚੇ ਵਿੱਚ ਬਦਲਣ ਦੀ ਚਿਤਾਵਨੀ ਦਿੱਤੀ ਹੈ।
ਲੱਖਾ ਸਿਧਾਣਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤਹਿਤ ਭਾਨਾ ਸਿੱਧੂ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਸਰਕਾਰ ਖਿਲਾਫ਼ ਉੱਠ ਰਹੇ ਹਰ ਸ਼ਖ਼ਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਭਾਨਾ ਸਿੱਧੂ ਦੀ ਗਲਤੀ ਦਾ ਸਮਰਥਨ ਨਹੀਂ ਕਰਦੇ ਪਰ ਉਸ ਵਿਰੁੱਧ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰਨਾ ਗਲਤ ਹੈ। ਜਿਸ ਦਾ ਉਹ ਵਿਰੋਧ ਕਰ ਰਹੇ ਹਨ। ਭਾਨਾ ਸਿੱਧੂ ਹਮੇਸ਼ਾ ਲੋਕ ਹਿੱਤਾਂ ਲਈ ਆਵਾਜ਼ ਉਠਾਉਂਦੇ ਰਹੇ ਹਨ। ਉਹ ਹਮੇਸ਼ਾ ਨਸ਼ਿਆਂ ਖਿਲਾਫ ਬੋਲਦਾ ਰਿਹਾ ਹੈ। ਜਿਸ ਕਾਰਨ ਸਰਕਾਰ ਖਿਲਾਫ ਬੋਲਣ ਵਾਲਿਆਂ 'ਤੇ ਝੂਠੇ ਕੇਸ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਨੇ ਸਿੱਧੂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ।
ਓਥੇ ਹੀ ਭਾਨਾ ਸਿੱਧੂ ਦੇ ਹੱਕ ਵਿੱਚ ਪੁੱਜੇ ਕਿਸਾਨ ਆਗੂ ਨੇ ਦੱਸਿਆ ਕਿ ਮਾਨਸਾ ਅਤੇ ਬਰਨਾਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਤੋਂ ਉਨ੍ਹਾਂ ਦੇ ਵਰਕਰ ਅੱਜ ਦੇ ਧਰਨੇ 'ਤੇ ਆਏ ਹਨ। ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ਪਰਚੇ ਨੂੰ ਰੱਦ ਕਰਵਾਉਣ ਲਈ ਉਹ ਐਸਐਸਪੀ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਭਾਨਾ ਸਿੱਧੂ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਉਭਾਰ ਰਿਹਾ ਹੈ। ਇਸ ਲਈ ਉਹ ਉਸ ਨੂੰ ਛੁਡਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਲਈ ਬਣਾਈ ਗਈ ਪੰਜ ਮੈਂਬਰੀ ਕਾਰਜਕਾਰਨੀ ਕਮੇਟੀ ਸ਼ਾਮ ਨੂੰ ਸਖ਼ਤ ਐਕਸ਼ਨ ਦਾ ਐਲਾਨ ਕਰੇਗੀ।
ਇਸ ਮੌਕੇ ਭਾਨਾ ਸਿੱਧੂ ਦੇ ਭਰਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਭਾਨਾ ਸਿੱਧੂ ਖਿਲਾਫ ਦਰਜ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਮੰਗ ਪੱਤਰ ਦੇ ਚੁੱਕੇ ਹਨ। ਇਸ ਤੋਂ ਦੁਖੀ ਹੋ ਕੇ ਅੱਜ ਉਹ ਕਿਸਾਨ ਜਥੇਬੰਦੀਆਂ ਅਤੇ ਹੋਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਐਸਐਸਪੀ ਦਫ਼ਤਰ ਬਰਨਾਲਾ ਵਿਖੇ ਧਰਨਾ ਦੇਣ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਪਰਚਾ ਰੱਦ ਕਰਨ ਸਬੰਧੀ ਕੋਈ ਭਰੋਸਾ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਪੱਕੇ ਤੌਰ ’ਤੇ ਜਾਰੀ ਰੱਖ ਸਕਦੇ ਹਨ।