Sangrur News: ਪਿੰਡ ਖੰਡੇਬਾਦ ਵਿੱਚ ਕਣਕ ਦੀ ਬਿਜਾਈ ਕਰਨ ਸਮੇਂ ਰੋਟਾਵੇਟਰ ਵਿੱਚ ਆਉਣ ਕਾਰਨ ਕਿਸਾਨ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ 42 ਸਾਲਾ ਹਰਵਿੰਦਰ ਸਿੰਘ ਉਰਫ ਛੱਜੂ ਪੁੱਤਰ ਹਰਨੇਕ ਸਿੰਘ ਆਪਣੇ ਖੇਤ ਵਿੱਚ ਰੋਟਾਵੇਟਰ ਰਾਹੀਂ ਕਣਕ ਦੀ ਬਿਜਾਈ ਕਰ ਰਿਹਾ ਸੀ।


ਇਸ ਦੌਰਾਨ ਜਦੋਂ ਉਸ ਨੇ ਪਹਿਲੇ ਡਰਾਇਵਰ ਨੂੰ ਚਾਹ ਪਿਆਉਣ ਲਈ ਰੋਕਿਆ ਤੇ ਆਪ ਬਿਜਾਈ ਕਰਨ ਲਈ ਚੜ੍ਹਨ ਲੱਗਿਆ ਤਾਂ ਅਚਾਨਕ ਹਰਵਿੰਦਰ ਸਿੰਘ ਛੱਜੂ ਦਾ ਟਰੈਕਟਰ ਥੱਲੇ ਆ ਗਿਆ। ਇਸ ਕਾਰਨ ਟਰੈਕਟਰ ਉਸ ਦੇ ਉੱਤੋਂ ਦੀ ਲੰਘ ਗਿਆ ਤੇ ਬਾਅਦ ਵਿੱਚ ਰੋਟਾਵੇਟਰ ਦੀਆਂ ਛੁਰੀਆਂ ਉਸ ਦੇ ਸਰੀਰ ਉੱਤੇ ਲੱਗੀਆਂ। ਇਸ ਨਾਲ ਕਿਸਾਨ ਦੀ ਮੌਤ ਹੋ ਗਈ।


ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 


ਇਸੇ ਤਰ੍ਹਾਂ ਪਿੰਡ ਖੰਡੇਬਾਦ ਵਿੱਚ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਭੁਟਾਲ ਕਲਾਂ ਦੇ ਖਰੀਦ ਕੇਂਦਰ ਵਿੱਚ ਪਿੰਡ ਖੰਡੇਬਾਦ ਦਾ ਪੰਜਾਬ ਹੋਮਗਾਰਡ ਤੋਂ ਸੇਵਾਮੁਕਤ ਨਛੱਤਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੰਡੇਬਾਦ ਝੋਨੇ ਦੀ ਰਾਖੀ ਬੈਠਾ ਸੀ। ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।


ਹਾਸਲ ਜਾਣਕਾਰੀ ਮੁਤਾਬਕ ਉਹ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਦਾ ਮਾਲਕ ਸੀ ਤੇ ਆਪਣੀ ਜੀਰੀ ਨੇੜਲੇ ਖਰੀਦ ਕੇਂਦਰ ਭੁਟਾਲ ਕਲਾਂ ਵਿਖੇ ਵੇਚਣ ਲਈ ਗਿਆ ਹੋਇਆ ਸੀ। ਉਸ ਨੂੰ ਰਾਤੀਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਲਾਕੇ ਦੇ ਮੋਹਤਬਰਾਂ ਨੇ ਪਰਿਵਾਲ ਲਈ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।


ਮੁੜ ਤੋਂ ਵੱਡੇ ਐਕਸ਼ਨ ਦੀ ਤਿਆਰੀ 'ਚ ਕਿਸਾਨ


ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਦੇਸ਼ ਭਰ ਵਿੱਚ ‘ਰਾਜ ਭਵਨ ਮਾਰਚ’ ਦਾ ਸੱਦਾ ਦਿੱਤਾ ਹੈ। ਦੂਜੇ ਪਾਸੇ ਪੰਜਾਬ ਦੀ ਇੱਕ ਹੋਰ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸੇ ਦਿਨ ਸੂਬੇ ਭਰ ਦੇ ਸਾਰੇ ਡੀਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਸੂਬਾ ਪ੍ਰਧਾਨ ਸ਼ਹੀਦ ਅੰਗਰੇਜ਼ ਸਿੰਘ ਬਕੀਪੁਰ ਭਵਨ ਵਿਖੇ ਹੋਈ। ਮੀਟਿੰਗ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।