ਪਟਿਆਲਾ: ਪੰਜਾਬ ਦੇ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਇੰਨਾ ਵਧ ਗਿਆ ਹੈ ਕਿ ਹੁਣ ਖੇਤਾਂ ਵੱਲ ਗੇੜਾ ਮਾਰਨਾ ਵੀ ਔਖਾ ਹੋ ਗਿਆ। ਲੰਘੇ ਦਿਨ ਸਮਾਣਾ ਨੇੜਲੇ ਪਿੰਡ ਮਵੀ ਸੱਪਾਂ ਵਿੱਚ ਆਵਾਰਾ ਕੁੱਤਿਆਂ ਨੇ ਕਿਸਾਨ ਨੂੰ ਨੋਚ-ਨੋਚ ਕੇ ਖਾ ਲਿਆ। ਕੁੱਤਿਆਂ ਨੇ ਕਿਸਾਨ ਦੇ ਹਾਲਤ ਇੰਨੀ ਵਿਗਾੜ ਦਿੱਤੀ ਕਿ ਉਸ ਦੀ ਮੌਤ ਹੋ ਗਈ।


ਮ੍ਰਿਤਕ ਕਿਸਾਨ ਨਿਰਮਲ ਸਿੰਘ (59) ਵਾਸੀ ਮਵੀ ਸੱਪਾਂ ਦੇ ਪੁੱਤਰ ਭਗਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਘਰੋਂ ਖੇਤਾਂ ਨੂੰ ਗਿਆ ਸੀ। ਘਰੋਂ ਕੁਝ ਦੂਰ ਆਵਾਰਾ ਕੁੱਤੇ ਘੁੰਮ ਰਹੇ ਸਨ ਤੇ ਦੇਖਦਿਆਂ ਹੀ ਉਸ ’ਤੇ ਝਪਟ ਪਏ। ਪਰਿਵਾਰ ਨੂੰ ਜਦ ਤੱਕ ਹਾਦਸੇ ਬਾਰੇ ਪਤਾ ਲੱਗਾ ਤੇ ਉਹ ਮੌਕੇ ਉਤੇ ਪਹੁੰਚੇ, ਕਿਸਾਨ ਦੀ ਮੌਤ ਹੋ ਚੁੱਕੀ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਆਵਾਰਾ ਕੁੱਤਿਆਂ ਦੀ ਬਹੁਤ ਦਹਿਸ਼ਤ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਖ਼ੁਦ ਇਨ੍ਹਾਂ ਕੁੱਤਿਆਂ ਨੂੰ ਗੋਲੀਆਂ ਮਾਰ ਦੇਣਗੇ।

ਦਰਅਸਲ ਕੁੱਤਿਆਂ ਵੱਲੋਂ ਬੱਚਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਮਾਮਲਾ ਵਿਧਾਨ ਸਭਾ ਤੱਕ ਵੀ ਪਹੁੰਚ ਚੁੱਕਾ ਹੈ। ਇਸ ਦੇ ਬਾਵਜੂਦ ਸਰਕਾਰ ਨੇ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ।