Delhi Chalo March: ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਵਿੱਚ ਮੁੱਦਿਆਂ 'ਤੇ ਸਹਿਮਤੀ ਨਹੀਂ ਬਣ ਸਕੀ ਜਿਸ ਕਰਕੇ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਲਿਆ। ਮੀਟਿੰਗ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪੂਰੇ ਭਾਰਤ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹਾਂ। ਅਸੀਂ ਮੀਟਿੰਗ ਵਿੱਚ ਕੋਈ ਨਾਂ ਕੋਈ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਜੋ ਅਸੀਂ ਟਕਰਾਅ ਤੋਂ ਬਚ ਸਕੀਏ।
ਪੰਧੇਰ ਨੇ ਕਿਹਾ ਅਸੀਂ ਹਰਿਆਣੇ ਬਾਰੇ ਗੱਲ ਕੀਤੀ ਕਿ ਕਿਵੇਂ ਹਰਿਆਣਾ ਨੂੰ ਕਸ਼ਮੀਰ ਬਣਾ ਦਿੱਤਾ ਗਿਆ ਹੈ। ਉੱਥੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿਚਾਲੇ ਅੰਤਰਰਾਸ਼ਟਰੀ ਸਰਹੱਦ ਵਰਗੀ ਸਥਿਤੀ ਬਣ ਗਈ ਹੈ। ਉਹਨਾਂ ਕਿਹਾ ਸਰਕਾਰ ਸਾਡਾ ਰਾਹ ਰੋਕ ਰਹੀ ਹੈ ਤੇ ਕਿਸਾਨਾਂ ਨੇ ਰੋਡ ਜਾਮ ਨਹੀਂ ਕੀਤਾ। ਅਸੀਂ ਦੇਸ਼ ਲਈ ਫਸਲਾਂ ਉਗਾਉਂਦੇ ਹਾਂ ਤੇ ਉਨ੍ਹਾਂ ਨੇ ਸਾਡੇ ਲਈ ਨਹੁੰਆਂ ਦੀ ਫਸਲ ਉਗਾਈ ਹੈ ਤੇ ਫਿਰ ਵੀ ਅਸੀਂ ਗੱਲਬਾਤ ਲਈ ਗਏ।
ਕਿਸਾਨ ਆਗੂ ਨੇ ਦੱਸਿਆ ਕਿ ਮੀਟਿੰਗ ਵਿੱਚ ਬੈਠ ਕੇ ਅਸੀਂ ਆਪਣੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ। ਅੱਜ ਵੀ ਜੇਕਰ ਸਰਕਾਰ ਕੁਝ ਕਹਿਣਾ ਚਾਹੁੰਦੀ ਹੈ ਤਾਂ ਕਰ ਲਵੇ ਪਰ ਸਰਕਾਰ ਸਮਾਂ ਲੰਘਾਉਣਾ ਚਾਹੁੰਦੀ ਹੈ। ਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਪਰ ਮੰਤਰੀ ਅੜੇ ਰਹੇ। ਉਹਨਾਂ ਕਿਹਾ ਅਸੀਂ ਸਰਕਾਰ ਤੋਂ ਨਿਰਾਸ਼ ਹਾਂ ਤੇ ਅਸੀਂ ਸਰਹੱਦ ਪਾਰ ਕਰਾਂਗੇ ਕਿਉਂਕਿ ਮੀਟਿੰਗ ਅਸਫਲ ਰਹੀ। ਇਹ ਸਾਡੇ ਪਾਸੇ ਤੋਂ ਸ਼ਾਂਤੀਪੂਰਨ ਹੋਵੇਗਾ, ਅਸੀਂ ਹਿੰਸਾ ਨਹੀਂ ਚਾਹੁੰਦੇ ਤੇ ਅਸੀਂ ਮੀਡੀਆ ਨੂੰ ਇਹ ਵੀ ਕਹਾਂਗੇ ਕਿ ਸਾਡਾ ਅਕਸ ਖਰਾਬ ਨਾ ਕੀਤਾ ਜਾਵੇ।
ਅਸੀਂ ਕਿਸਾਨਾਂ-ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਦੇ ਹਾਂ, ਅਸੀਂ ਦੇਸ਼ ਦੇ ਲੋਕਾਂ ਨੂੰ, ਗਾਇਕਾਂ ਨੂੰ, ਸਭਿਅਕ ਸਮਾਜ ਨੂੰ ਸਾਡੇ ਨਾਲ ਆਉਣ ਦੀ ਅਪੀਲ ਕਰਾਂਗੇ। ਸਰਕਾਰ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ
ਇਸ ਦੀ ਕੀ ਲੋੜ ਸੀ? ਕਿਸਾਨਾਂ ਨੇ ਕੁਝ ਨਹੀਂ ਕੀਤਾ ਤੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਨੇ ਸਭ ਕੁਝ ਬੰਦ ਕਰ ਦਿੱਤਾ ਹੈ।