Farmer Protest: ਪੰਜਾਬ ਦੇ ਜੋਸ਼ੀਲੇ ਕਿਸਾਨਾਂ ਦੀ 'ਗਾਂਧੀਗਿਰੀ' ਹਰਿਆਣਾ ਦੇ ਬੀਜੇਪੀ ਲੀਡਰਾਂ ਨੂੰ ਸਤਾਉਣ ਲੱਗੀ ਹੈ। ਲੰਬੇ ਸੰਘਰਸ਼ ਦੌਰਾਨ ਕਿਸਾਨਾਂ ਨੇ ਵੀ ਅਜਿਹੇ ਦਾਅ-ਪੇਚ ਸਿੱਖ ਲਏ ਹਨ ਜਿਸ ਨਾਲ ਸਿਆਸੀ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਪਿਛਲੇ ਦਿਨਾਂ ਤੋਂ ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਉਪਰ ਕਿਸਾਨਾਂ ਨੇ ਅਜਿਹੇ ਹੀ ਦਾਅ-ਪੇਚਾਂ ਨਾਲ ਸਿਆਸਤਦਾਨਾਂ ਨੂੰ ਚਿੱਤ ਕੀਤਾ ਹੈ।
ਦਰਅਸਲ ਹਰਿਆਣਾ ਦੇ ਬੀਜੇਪੀ ਲੀਡਰ ਪਿਛਲੇ ਇੱਕ ਸਾਲ ਤੋਂ ਦਾਅਵਾ ਕਰ ਰਹੇ ਸੀ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ। ਬੱਸ ਉਨ੍ਹਾਂ ਵੱਲੋਂ ਟਰੈਕਟਰ-ਟਰਾਲੀਆਂ ਲੈ ਕੇ ਜਾਣ ਉਪਰ ਇਤਰਾਜ਼ ਹੈ। ਹਰਿਆਣਾ ਸਰਕਾਰ ਨੇ ਹਾਈਕੋਰਟ ਤੇ ਸੁਪਰੀਮ ਕੋਰਟ ਅੰਦਰ ਵੀ ਇਹੀ ਸਟੈਂਡ ਲਿਆ ਸੀ। ਹੁਣ ਕਿਸਾਨਾਂ ਨੇ ਪੈਦਲ ਹੀ ਦਿੱਲੀ ਜਾਣ ਦਾ ਐਲਾਨ ਕਰਕੇ ਬੀਜੇਪੀ ਲੀਡਰਾਂ ਨੂੰ ਕਸੂਤਾ ਫਸਾ ਦਿੱਤਾ।
ਅਹਿਮ ਗੱਲ ਇਹ ਹੈ ਕਿ ਕਿਸਾਨ ਹੁਣ ਤਿੱਖੇ ਟਕਰਾਅ ਵਿੱਚ ਆਉਣ ਦੀ ਬਜਾਏ ਖਾਸ ਰਣਨੀਤੀ ਤਹਿਤ ਚੱਲ ਰਹੇ ਹਨ। ਕਿਸਾਨਾਂ ਦੇ ਜਥਾ ਅੱਗੇ ਵਧਦਾ ਹੈ ਪਰ ਹਰਿਆਣਾ ਪੁਲਿਸ ਦੀ ਸਖਤੀ ਮਗਰੋਂ ਵਾਪਸ ਆ ਜਾਂਦਾ ਹੈ। ਇਸ ਨਾਲ ਕਿਸਾਨ ਸਰਕਾਰ ਨੂੰ ਬੇਨਕਾਬ ਕਰ ਰਹੇ ਹਨ ਤੇ ਲੋਕਾਂ ਦਾ ਹਮਦਰਦੀ ਵੀ ਜਿੱਤ ਰਹੇ ਹਨ। ਕਿਸਾਨਾਂ ਨੇ ਅੱਜ ਵੀ ਦਿੱਲੀ ਕੂਚ ਕਰਨਾ ਸੀ ਪਰ ਇਸ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਤਨਜ ਕਸਦਿਆਂ ਆਖਿਆ ਕਿ ਕੇਂਦਰ ਸਰਕਾਰ ਖੁਦ ਹੀ ਦੁਚਿੱਤੀ ਵਿਚ ਹੈ ਕਿਉਂਕਿ ਇਕ ਮੰਤਰੀ ਆਖਦਾ ਹੈ ਕਿ ਕਿਸਾਨ ਜਾ ਸਕਦੇ ਹਨ ਤੇ ਦੂਜਾ ਮੰਤਰੀ ਆਖਦਾ ਹੈ ਕਿ ਨਹੀਂ ਜਾਣ ਦਿੱਤਾ ਜਾਵੇਗਾ। ਇੱਕ ਪਾਸੇ ਪੈਦਲ ਜਾਂਦੇ ਕਿਸਾਨਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ, ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਤਾਜ਼ਾ ਬਿਆਨ ਹੈ ਕਿ ਕਿਸਾਨ ਪੈਦਲ ਕਿਉਂ ਜਾਣਾ ਚਾਹੁੰਦੇ ਹਨ ਅਨੇਕਾਂ ਵਾਹਨ ਵੀ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਤਾਲਮੇਲ ਜ਼ਰੂਰ ਰੱਖਣ ਕਿਉਂਕਿ ਉਨ੍ਹਾਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ।
ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਸੱਦੇ ਦੀ ਉਡੀਕ ਮਗਰੋਂ ਅੱਜ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਸ਼ੰਭੂ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਕਰਕੇ ਦਸ ਕਿਸਾਨ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਉਸੇ ਦਿਨ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ ਫੇਰੀ ਦਾ ਵਾਸਤਾ ਪਾਉਣ ਮਗਰੋਂ ਕਿਸਾਨ ਆਗੂ ਇੱਕ ਹੋਰ ਦਿਨ (ਸੋਮਵਾਰ) ਲਈ ਦਿੱਲੀ ਕੂਚ ਦਾ ਪ੍ਰੋਗਰਾਮ ਟਾਲਣ ਲਈ ਰਾਜ਼ੀ ਹੋ ਗਏ ਸਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਤੋਂ ਭੱਜ ਰਹੇ ਹਨ। ਇਸ ਕਰਕੇ ਉਹ ਸਰਕਾਰ ਨੂੰ ਗੱਲਬਾਤ ਲਈ ਸਮਾਂ ਸੀਮਾ ਤੈਅ ਕਰਨ ਦਾ ਪੂਰਾ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਐਤਵਾਰ ਦੀ ਬੈਠਕ ਵਿੱਚ ਕੀਤੇ ਵਾਅਦੇ ਤਹਿਤ ਅਗਲੀ ਮੀਟਿੰਗ ਲਈ ਕੋਈ ਸੁਨੇਹਾ ਨਾ ਭੇਜਿਆ ਤਾਂ ਉਹ 10 ਦਸੰਬਰ ਨੂੰ ਆਪਣਾ ਅਗਲਾ ਪ੍ਰੋਗਰਾਮ ਉਲੀਕਣਗੇ।
ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਰੂਪ ਵਿੱਚ ਦੋ ਹੀ ਮੰਗਾਂ ਹਨ। ਪਹਿਲੀ ਇਹ ਕਿ ਉਨ੍ਹਾਂ ਦੀਆਂ ਪ੍ਰ੍ਰਵਾਨ ਕੀਤੀਆਂ ਮੰਗਾਂ ਲਾਗੂ ਕੀਤੀਆਂ ਜਾਣ ਜਾਂ ਫੇਰ ਉਨ੍ਹਾਂ ਨੂੰ ਆਪਣੇ ਰੋਸ ਪ੍ਰਗਟਾਉਣ ਲਈ ਦਿੱਲੀ ਜਾਣ ਦਿੱਤਾ ਜਾਵੇ। ਪੰਧੇਰ ਨੇ ਕਿਹਾ ਕਿ ਉਹ ਸਰਕਾਰ ਦੀ ਸਲਾਹ ਮੰਨਦੇ ਹੋਏ ਟਰੈਕਟਰ ਟਰਾਲੀਆਂ ਦੀ ਥਾਂ ਪੈਦਲ ਹੀ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਸ਼ੰਭੂ ਤੋਂ ਦਿੱਲੀ ਤੱਕ ਰਸਤੇ ’ਚ ਕਿਤੇ ਵੀ ਆਵਾਜਾਈ ’ਚ ਕੋਈ ਵਿਘਨ ਨਹੀਂ ਪਾਉਣਗੇ ਤੇ ਨਾ ਹੀ ਦਿੱਲੀ ’ਚ ਧਰਨੇ ਦੌਰਾਨ ਹੀ ਟਰੈਫ਼ਿਕ ਦੀ ਕੋਈ ਸਮੱਸਿਆ ਪੈਦਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ’ਚ ਉਹ ਜੰਤਰ ਮੰਤਰ ਜਾਂ ਰਾਮ ਲੀਲ੍ਹਾ ਗਰਾਊਂਡ ’ਚ ਪ੍ਰਦਰਸ਼ਨ ਦੀ ਆਗਿਆ ਮੰਗ ਰਹੇ ਹਨ। ਇਸ ਸਬੰਧੀ ਦਿੱਲੀ ਸਰਕਾਰ ਨੂੰ ਈਮੇਲ ਰਾਹੀਂ ਪਹਿਲਾਂ ਹੀ ਬੇਨਤੀ ਪੱਤਰ ਭੇਜਿਆ ਹੋਇਆ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਜੇ ਦਿੱਲੀ ’ਚ ਧਰਨੇ ਦੀ ਪ੍ਰ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਸ਼ੰਭੂ ਵਾਲ਼ਾ ਧਰਨਾ ਵੀ ਉਥੇ ਹੀ ਤਬਦੀਲ ਕੀਤਾ ਜਾ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਦੀ ਆਗਿਆ ਨਹੀਂ ਮਿਲਦੀ ਉਦੋਂ ਤੱਕ ਨਿਹੱਥੇ ਕਿਸਾਨਾਂ ਦੇ ਜਥੇ ਕੂਚ ਕਰਦੇ ਰਹਿਣਗੇ ਜਦੋਂ ਤੱਕ ਹਰਿਆਣਾ ਪੁਲਿਸ ਉਨ੍ਹਾਂ ਨੂੰ ਕੁੱਟ ਕੁੱਟ ਕੇ ਥੱਕ ਨਹੀਂ ਜਾਂਦੀ।