Farmer Protest: ਬਠਿੰਡਾ ਵਿਖੇ ਕਿਸਾਨ ਨੇ ਯੂਨੀਅਨ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਸੱਦੇ 'ਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਮਾਗਮ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ।


ਕਿਉਂ ਕੀਤਾ ਜਾ ਰਿਹਾ ਪ੍ਰਦਰਸ਼ਨ


ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਹੈ ਕਿ ਜੋ ਸਾਡੀ ਕੇਂਦਰ ਦੀ ਸਰਕਾਰ ਨੇ ਮੰਗਾਂ ਮੰਨ ਲਈਆਂ ਸਨ ਤੇ ਹੁਣ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਤੇ ਹੁਣ ਤੱਕ ਲਾਰੇ ਲੱਪੇ ਲਾਉਂਦੇ ਆ ਰਹੇ ਹਨ ਜਿਸਦੇ ਚਲਦੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਸੀ ਕਿ ਜੋ ਸਾਡੀਆਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਜਦ ਤੱਕ ਪੂਰਾ ਨਹੀਂ ਕਰਦੇ ਤਾਂ ਇਸੇ ਤਰ੍ਹਾਂ ਇਹਨਾਂ ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾਵੇਗਾ


ਜਿੱਥੇ ਵੀ ਹੋਵੇਗਾ ਸਮਾਗਮ ਕਰਾਂਗੇ ਵਿਰੋਧ


ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਪਤਾ ਲੱਗ ਗਿਆ ਸੀ ਸੁਨੀਲ ਜਾਖੜ ਨੇ ਇਲਾਕੇ  ਵਿੱਚ ਚੋਣਾਂ ਨੂੰ ਲੈ ਕੇ ਕੇ ਇੱਕ ਸਮਾਗਮ ਕਰਨਾ ਹੈ ਜਿਸ ਕਰਕੇ ਉਹ ਇਸਦਾ ਵਿਰੋਧ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਇਹ ਭਾਜਪਾ ਆਗੂਆਂ ਦਾ ਕੋਈ ਵੀ ਸਮਾਗਮ ਨਹੀਂ ਹੋਣ ਦੇਣਗੇ। 


ਕੌਮੀ ਸਰਹੱਦਾਂ ਉੱਤੇ ਚੱਲ  ਰਿਹਾ ਕਿਸਾਨਾਂ ਦਾ ਅੰਦੋਲਨ


ਜ਼ਿਕਰ ਕਰ ਦਈਏ ਕਿ ਪੰਜਾਬ ਤੇ ਹਰਿਆਣਾ ਦੀ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਕਿਸਾਨ 13 ਫਰਵਰੀ ਤੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ।
ਦਰਅਸਲ,ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ। 12 ਫਰਵਰੀ ਨੂੰ ਸਾਰੇ ਕਿਸਾਨ ਖਨੌਰੀ ਅਤੇ ਸ਼ੰਭੁ ਦੀਆਂ ਸਰਹੱਦਾਂ ਨੇੜੇ ਪਹੁੰਚ ਗਏ ਸਨ। ਕਿਸਾਨਾਂ ਦੀ ਆਮਦ ਨੂੰ ਦੇਖਦੇ ਹਰਿਆਣਾ ਸਰਕਾਰ ਨੇ ਦੋਵੇ ਸਰਹੱਦਾਂ ਭਾਰੀ ਬੈਰੀਕੇਡਿੰਗ ਕਰਕੇ ਸੀਲ ਕਰ ਦਿੱਤੀਆਂ। 


13 ਫਰਵਰੀ ਨੂੰ ਜਿਵੇਂ ਹੀ ਕਿਸਾਨ ਸ਼ੰਭੂ ਅਤੇ ਖਨੌਰੀ ਤੋਂ ਅੱਗੇ ਵੱਧਣ ਲੱਗੇ ਤਾਂ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ। ਫਿਰ ਕਿਸਾਨਾਂ ਨੇ ਇੱਕ ਹਫ਼ਤੇ ਲਈ ਦਿੱਲੀ ਕੂਚ ਟਾਲ ਦਿੱਤਾ ਸੀ। ਇਸ ਤੋਂ ਬਾਅਦ ਫਿਰ 21 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਪਰ ਕਿਸਾਨ ਉਦੋਂ ਵੀ ਅੱਗੇ ਨਹੀਂ ਵੱਧ ਸਕੇ। 


ਹੁਣ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਹਰਿਆਣਾ ਸਰਕਾਰ ਆਪ ਰਸਤੇ ਨਹੀਂ ਖੋਲ੍ਹ ਦਿੰਦੀ ਅਸੀਂ ਉਦੋਂ ਹੀ ਅੱਗੇ ਵਧਾਂਗੇ। ਨਹੀਂ ਤਾਂ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਹੀ ਬੈਠੇ ਰਹਾਂਗੇ।